ਪੰਜਾਬ 'ਚ ਹੁਣ ਮਾਸਕ ਨਾ ਪਾਉਣ 'ਤੇ ਲੱਗੇਗਾ 200 ਰੁਪਏ ਜੁਰਮਾਨਾ
ਮਾਸਕ ਦੀ ਥਾਂ ਰੁਮਾਲ, ਪਰਨਾ ਅਤੇ ਦੁਪੱਟਾ ਵਰਤਣ ਦੀ ਹੈ ਇਜਾਜ਼ਤ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਹੁਣ ਇਕ ਨਵਾਂ ਹੁਕਮ ਜਾਰੀ ਕਰ ਕੇ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਮੱਦੇਨਜ਼ਰ ਮਾਸਕ ਨਾ ਪਾਉਣ ਵਾਲਿਆਂ ਲਈ ਜੁਰਮਾਨੇ ਦੀ ਰਕਮ ਨਿਰਧਾਰਤ ਕਰ ਦਿਤੀ ਹੈ।
ਭਾਵੇਂ ਸਰਕਾਰ ਵਲੋਂ ਪਹਿਲਾਂ ਵੀ ਮਾਸਕ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਕੋਈ ਜੁਰਮਾਨਾ ਵਗੈਰਾ ਨਾ ਹੋਣ ਕਾਰਨ ਕਾਫ਼ੀ ਲੋਕ ਇਸ ਹੁਕਮ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਸਨ।
ਪੰਜਾਬ ਸਰਕਾਰ ਵਲੋਂ ਐਪੈਂਡੈਸਿਕ ਡਿਜੀਜ਼ ਐਕਟ, 1947 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸਿਹਤ ਸੇਵਾਵਾਂ ਪੰਜਾਬ ਦੀ ਡਾਇਰੈਕਟਰ ਡਾ. ਅਵਨੀਤ ਕੌਰ ਵਲੋਂ ਮਾਸਕ ਪਾਉਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ 'ਚ ਜਨਤਕ ਥਾਵਾਂ ਉਪਰ ਥੁੱਕਣ ਅਤੇ ਘਰੇਲੂ ਏਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਲਈ ਵੀ ਜੁਰਮਾਨੇ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਜਾਰੀ ਹੁਕਮਾਂ ਮੁਤਾਬਕ ਹੁਣ ਮਾਸਕ ਨਾ ਪਾਉਣ 'ਤੇ 200 ਰੁਪਏ, ਜਨਤਕ ਥਾਂ 'ਤੇ ਥੁੱਕਣ 'ਤੇ 100 ਰੁਪਏ ਅਤੇ ਘਰੇਲੂ ਏਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ 'ਤੇ 500 ਰੁਪਏ ਜੁਰਮਾਨਾ ਹੋਵੇਗਾ।
ਨਵੇਂ ਹੁਕਮਾਂ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ ਅਤੇ ਮਾਰਕੀਟ ਆਦਿ ਜਾਣ ਸਮੇਂ ਮਾਸਕ ਪਾਉਣਾ ਜ਼ਰੂਰੀ ਹੈ। ਮਾਸਕ ਸੂਤੀ ਕਪੜੇ ਨਾਲ ਘਰ ਵੀ ਬਣਾਇਆ ਜਾ ਸਕਦਾ ਹੈ।
ਮਾਸਕ ਦੀ ਥਾਂ ਰੁਮਾਲ, ਪਰਨਾ ਜਾਂ ਦੁਪੱਟੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਹੁਕਮਾਂ ਨੂੰ ਅਮਲ 'ਚ ਲਿਆਉਣ ਲਈ ਬੀ.ਡੀ.ਪੀ.ਓ. ਪੱਧਰ 'ਤੇ ਅਫ਼ਸਰਾਂ ਅਤੇ ਸਥਾਨਕ ਸਰਕਾਰ ਵਿਭਾਗ ਵਲੋਂ ਅਧਿਕਾਰਤ ਏ.ਐਸ.ਆਈ. ਪੱਧਰ ਦੇ ਪੁਲਿਸ ਅਫ਼ਸਰਾਂ ਨੂੰ ਜ਼ਿੰਮੇਵਾਰੀ ਦਿਤੀ ਗਈ ਹੈ। ਨਵੇਂ ਹੁਕਮ ਜਾਰੀ, ਜਨਤਕ ਥਾਂ 'ਤੇ ਥੁੱਕਣ ਵਾਲੇ ਨੂੰ 100 ਰੁਪਏ ਅਤੇ ਘਰੇਲੂ ਏਕਾਂਤਵਾਸ ਦੀ ਉਲੰਘਣਾ ਲਈ 500 ਰੁਪਏ ਜੁਰਮਾਨਾ ਲਗੇਗਾ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।