ਸੁਖਬੀਰ ਵਲੋਂ ਵੀ ਵੱਡੇ ਬਾਦਲ ਵਾਂਗ SIT ਕੋਲੋਂ ਚੰਡੀਗੜ੍ਹ ਚ ਹੀ ਪੇਸ਼ ਹੋਣ ਦੀ ਤਵੱਕੋ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਤੇ ਗੋਲ਼ੀਕਾਂਡ ਆਦਿ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ-ਸਿਟ...
ਚੰਡੀਗੜ੍ਹ, 17 ਨਵੰਬਰ, (ਨੀਲ ਭਲਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਤੇ ਗੋਲ਼ੀਕਾਂਡ ਆਦਿ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ-ਸਿਟ ਕੋਲ ਅੰਮ੍ਰਿਤਸਰ ਵਿੱਚ ਪੇਸ਼ ਹੋਣ ਦੀ ਬਜਾਏ ਚੰਡੀਗੜ੍ਹ ਵਿਚ ਹੀ ਪੁੱਛਗਿੱਛ ਲਈ ਸੱਦਿਆ ਜਾਣ ਦੀ ਤਵੱਕੋਂ ਕੀਤੀ ਹੈ। ਸੁਖਬੀਰ ਨੇ ਆਪਣੇ ਹਸਤਾਖਰ ਹੇਠ ਸਿਟ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ (ਆਈਪੀਐਸ) ਨੂੰ ਚਿੱਠੀ ਲਿਖ ਮੰਗ ਕੀਤੀ ਹੈ ਕਿ ਉਨ੍ਹਾਂ ਕੋਲੋਂ 19 ਨਵੰਬਰ ਨੂੰ ਅਮ੍ਰਿਤਸਰ ਦੀ ਬਜਾਏ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਜਾਵੇ।
ਸਿਟ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ "ਰੋਜ਼ਾਨਾ ਸਪੋਕਸਮੈਨ' ਕੋਲ ਇਸ ਬਾਰੇ ਚਿਠੀ ਮਿਲੀ ਹੋਣ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਇਸ ਚਿਠੀ ਵਿਚਲੀ ਮੰਗ ਵਿਚਾਰਧੀਨ ਹੈ ਦਸਣਯੋਗ ਹੈ ਕਿ ਸਿਟ ਨੇ ਬੀਤੀ 9 ਤਰੀਕ ਨੂੰ 7 ਅਗਸਤ 2018 ਦੀ ਧਾਰਾ 307 ਵਾਲੀ ਐਫਆਈਆਰ ਨੰਬਰ - 129/ਥਾਣਾ ਸਿਟੀ ਕੋਟਕਪੂਰਾ ਦੀ ਜਾਂਚ ਦੇ ਸਿਸਿਲੇ ਚ ਬਤੌਰ ਗਵਾਹ 19 ਨਵੰਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਸਰਕਟ ਹਾਊਸ ਅੰਮ੍ਰਿਤਸਰ ਤਲਬ ਕੀਤਾ ਸੀ। ਬੀਤੇ ਦਿਨ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿਚ ਹੀ ਪੁੱਛਗਿੱਛ ਕੀਤੀ ਸੀ ਅਤੇ
ਹੁਣ ਸੁਖਬੀਰ ਨੇ ਵੀ ਪਿਤਾ ਵਾਂਗ ਪੰਜਾਬ ਦੀ ਰਾਜਧਾਨੀ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਹੈ। ਇਥੇ ਇਹ ਵੀ ਸਪਸ਼ਟ ਕਰਨ ਯੋਗ ਹੈ ਕਿ ਸਿਟ ਨੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਰਕੇ ਉਨ੍ਹਾਂ ਦੀ ਮਰਜ਼ੀ ਵਾਲੇ ਸਥਾਨ 'ਤੇ ਪੁੱਛਗਿੱਛ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਸੀ ਜਦਕਿ ਸੁਖਬੀਰ ਸਿੰਘ ਬਾਦਲ ਨੇ ਪੇਸ਼ੀ ਦਾ ਥਾਂ ਬਦਲਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਜਾਂਚ ਚ ਪੂਰਨ ਸਹਿਯੋਗ ਦੇਣ ਅਤੇ ਬੁਲਾਈ ਗਈ ਥਾਂ ਤੇ ਸਮੇ ਸਿਰ ਪੁੱਜਣਗੇ।