ਦਾਦੂਵਾਲ ਦੀ ਸੁਖਬੀਰ ਤੇ ਮਜੀਠੀਏ ਨੂੰ ਚੁਨੌਤੀ
ਕਿਹਾ, ਮੇਰੀ ਸਾਰੀ ਜਾਇਦਾਦ ਲੈ ਕੇ ਅਪਣੀ ਜਾਇਦਾਦ 'ਚੋਂ ਮੈਨੂੰ ਮਹਿਜ਼ 10 ਫ਼ੀ ਸਦੀ ਹੀ ਦੇ ਦੇਣ!
ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ ਸਖ਼ਤ ਤੇਵਰ ਅਪਣਾਉਂਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਲਈ ਇਕ ਨਵੀਂ ਮੁਸੀਬਤ ਖੜੀ ਕਰ ਦਿਤੀ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਚੁਨੌਤੀ ਦਿਤੀ ਕਿ ਮੇਰੀ ਬੈਂਕਾਂ 'ਚ ਪਈ ਰਕਮ ਨੂੰ ਕਾਲਾ ਧਨ ਕਹਿਣ ਵਾਲੇ ਸੁਖਬੀਰ ਤੇ ਮਜੀਠੀਆ ਅਪਣੇ ਬੈਂਕ ਖਾਤਿਆਂ ਦੀ ਮੇਰੀ ਜਮ੍ਹਾਂ ਰਾਸ਼ੀ ਨਾਲ ਤੁਲਨਾ ਕਰਨ, ਮੇਰੀ ਸਾਰੀ ਚਲ-ਅਚਲ ਜਾਇਦਾਦ ਲੈ ਲੈਣ ਤੇ ਉਸ ਬਦਲੇ ਅਪਣੀ ਜਾਇਦਾਦ ਦਾ ਮਹਿਜ 10 ਫ਼ੀ ਸਦੀ ਹੀ ਮੈਨੂੰ ਦੇਣ ਦੀ ਕੁਰਬਾਨੀ ਕਰ ਕੇ ਦਿਖਾਉਣ।
ਉਨ੍ਹਾਂ ਆਖਿਆ ਕਿ ਪਹਿਲਾਂ ਸੁਖਬੀਰ ਅਤੇ ਮਜੀਠੀਏ ਨੇ ਅਪਣੇ ਚੈਨਲਾਂ ਰਾਹੀਂ ਝੂਠਾ ਪ੍ਰਚਾਰ ਕਰਦਿਆਂ ਮੇਰੇ ਖਾਤਿਆਂ 'ਚ 16 ਕਰੋੜ ਰੁਪਏ ਦੀ ਗੱਲ ਕੀਤੀ ਸੀ ਤੇ ਹੁਣ 20 ਕਰੋੜ ਰੁਪਏ ਆਉਣ ਦੀ ਗੱਲ ਕਰ ਰਹੇ ਹਨ ਪਰ ਸੰਗਤਾਂ ਬਾਦਲਾਂ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹਨ। ਭਾਈ ਦਾਦੂਵਾਲ ਨੇ ਇਨਕਮ ਟੈਕਸ ਵਾਲਿਆਂ ਵਲੋਂ ਭੇਜੇ ਸੰਮਨਾਂ ਦਾ ਖੰਡਨ ਕਰਦਿਆਂ ਆਖਿਆ ਕਿ ਉਸ ਨੂੰ ਅਜਿਹੇ ਕੋਈ ਸੰਮਨ ਨਹੀਂ ਮਿਲੇ। ਉਨ੍ਹਾਂ ਆਖਿਆ ਕਿ ਸੁਖਬੀਰ ਤੇ ਮਜੀਠੀਆ ਜਾਂਚ ਕਰਾਉਣ ਜਾਂ ਝੂਠਾ ਪ੍ਰਚਾਰ ਕਰ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਡਰਦੇ ਨਹੀਂ ਤੇ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਚਲ ਰਹੇ ਇਨਸਾਫ਼ ਮੋਰਚੇ ਦੇ 168ਵੇਂ ਦਿਨ ਭਾਈ ਦਾਦੂਵਾਲ ਨੇ ਸਖ਼ਤ ਲਹਿਜੇ 'ਚ ਆਖਿਆ ਕਿ ਕਦੇ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਆਈਐਸਆਈ ਦੇ ਏਜੰਟ ਆਖਣਾ, ਕਦੇ ਕਾਂਗਰਸ ਦੇ ਏਜੰਟ, ਕਦੇ ਵਿਦੇਸ਼ੀ ਤਾਕਤਾਂ ਦਾ ਹੱਥ ਅਤੇ ਕਦੇ ਇਨਕਮ ਟੈਕਸ ਦੀਆਂ ਗੱਲਾਂ ਬਾਦਲਾਂ ਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਇਨਸਾਫ਼ ਮੋਰਚਾ ਸਿਰਫ਼ ਪੰਥ ਦੀਆਂ ਤਿੰਨ ਮੰਗਾਂ ਦੀ ਪੂਰਤੀ ਲਈ ਲੱਗਾ ਹੋਇਆ ਹੈ ਤੇ ਇਸ ਦਾ ਕੋਈ ਹੋਰ ਲੁਕਵਾਂ ਏਜੰਡਾ ਨਹੀਂ।
ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਕੋਈ ਵੀ ਨਿਰਪੱਖ ਏਜੰਸੀ ਮੇਰੇ ਬੈਂਕ ਖਾਤਿਆਂ ਸਮੇਤ ਹਰ ਤਰ੍ਹਾਂ ਦੀ ਜਾਇਦਾਦ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰੇ ਅਤੇ ਨਾਲ-ਨਾਲ ਬਾਦਲਾਂ ਦੇ ਸਾਰੇ ਮੰਤਰੀਆਂ, ਸੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਦੇ ਬੈਂਕ ਖਾਤੇ ਵੀ ਚੈੱਕ ਹੋਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਬਾਦਲ ਦਲ ਦੇ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਾਂਗ ਸਿਆਸਤ ਨਹੀਂ ਕਰਦੇ, ਬਲਕਿ ਸੰਗਤ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ ਪਰ ਇਕ ਗਿਣੀ ਮਿਥੀ ਸਾਜ਼ਸ਼ ਤਹਿਤ ਸਿਆਸੀ ਲਾਹਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਕੇ ਵਿਚਾਰਧਾਰਾ ਤੇ ਸਿਧਾਂਤ ਨੂੰ ਤੋੜਨ ਦੀ ਸਾਜ਼ਸ਼ ਰਚੀ ਗਈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।