ਸੇਕਰਡ ਹਾਰਟ ਕਾਨਵੈਂਟ ਸਕੂਲ 'ਚ ਲੱਖਾਂ ਦੀ ਲੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ  ਸ਼ਹਿਰ 'ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਭਾਰੀ ਵਾਧਾ ਹੋਇਆ ਹੈ, ਪਰ ਪੁਲਿਸ ਇਨ੍ਹਾਂ ਦਾ ਸੁਰਾਗ ਲਗਾਉਣ 'ਚ ਨਾਕਾਮ ਰਹੀ ਹੈ...

Sacred Heart Convent School

ਰਾਏਕੋਟ, 17 ਦਸੰਬਰ (ਜਸਵੰਤ ਸਿੰਘ ਸਿੱਧੂ): ਸਥਾਨਕ  ਸ਼ਹਿਰ 'ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਭਾਰੀ ਵਾਧਾ ਹੋਇਆ ਹੈ, ਪਰ ਪੁਲਿਸ ਇਨ੍ਹਾਂ ਦਾ ਸੁਰਾਗ ਲਗਾਉਣ 'ਚ ਨਾਕਾਮ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਡਰ ਦਾ ਮਾਹੌਲ ਹੈ। ਚੋਰਾਂ ਨੇ ਇਸੇ ਲੜੀ ਤਹਿਤ ਸਵੇਰੇ ਤਕਰੀਬਨ 3:30 ਵਜੇ ਸ਼ਹਿਰ ਤੋਂ ਬਾਹਰ ਬਰਨਾਲਾ ਰੋਡ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਸਕੂਲ ਦੇ ਦਫ਼ਤਰ 'ਚੋਂ ਦੋ ਲੱਖ ਦੀ ਨਕਦੀ ਲੁੱਟ ਲਈ ਅਤੇ ਜਾਂਦੇ ਸਮੇਂ ਸਕੂਲ ਦੇ ਚੌਕੀਦਾਰ ਦਾ ਮੋਟਰਸਾਈਕਲ ਵੀ ਨਾਲ ਲੈ ਗਏ। 

ਘਟਨਾਂ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਿਸਟਰ ਅੰਜ਼ਨਾਂ ਨੇ ਪੁਲਿਸ ਕੋਲ ਲਿਖਵਾਏ ਬਿਆਨਾਂ 'ਚ ਦਸਿਆ ਕਿ ਸਕੂਲ ਦੇ ਚੌਕੀਦਾਰ ਸਾਧੂ ਸਿੰਘ ਵਾਸੀ ਮਾਣੂੰਕੇ ਅਨੁਸਾਰ ਅੱਜ ਸਵੇਰੇ 3:30 ਦੇ ਕਰੀਬ ਬੰਦੂਕ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ 8-10 ਵਿਅਕਤੀ ਗਲੀ ਵਾਲੀ ਸਾਇਡ ਤੋਂ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ ਅਤੇ ਚੌਕੀਦਾਰ ਸਾਧੂ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ ਉਸ ਦੇ ਹੱਥ ਅਤੇ ਮੂੰਹ ਬੰਨ੍ਹ ਦਿਤਾ।

ਇਸ ਤੋਂ ਬਾਅਦ ਉਹ ਰਿਸੈਪਸ਼ਨ ਰੂਮ ਦਾ ਗੇਟ ਤੋੜ ਕੇ ਉਸ ਦੇ ਨਾਲ ਬਣੇ ਕੈਸ਼ ਰੂਮ 'ਚ ਦਾਖ਼ਲ ਹੋਏ ਅਤੇ ਉਥੇ ਪਈ ਅਲਮਾਰੀ ਅਤੇ ਸੇਫ਼ ਤੋੜ ਕੇ 2 ਲੱਖ ਤੋਂ ਵਧੇਰੇ ਦੀ ਨਕਦੀ ਲੁੱਟ ਕੇ ਲੈ ਗਏ ਅਤੇ ਪ੍ਰਿੰਸੀਪਲ ਦਫ਼ਤਰ ਸਣੇ ਹੋਰ ਕਮਰਿਆਂ ਦੀ ਫਰੋਲਾ ਫਰਾਲੀ ਵੀ ਕੀਤੀ ਅਤੇ ਜਾਂਦੇ ਸਮੇਂ ਉਕਤ ਚੋਰ ਚੌਕੀਦਾਰ ਸਾਧੂ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਏ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਕੂਲ 'ਚ ਪੁੱਜੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ।