ਸਕੂਲੀ ਬੱਚਿਆਂ ਨੂੰ 'ਭਾਰੀ ਬੈਗ' ਤੋਂ ਮਿਲੀ ਰਾਹਤ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲੀ ਬੱਚਿਆਂ ਨੂੰ ਹੁਣ ਭਾਰੀ ਬੈਗ ਚੁਕਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸਰਕਾਰ ਨੇ ਸਕੂਲੀ ਬੈਗ ਦੇ ਭਾਰ ਨੂੰ ਘੱਟ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ...

Child With School Bag

ਨਵੀਂ ਦਿੱਲੀ (ਭਾਸ਼ਾ) : ਸਕੂਲੀ ਬੱਚਿਆਂ ਨੂੰ ਹੁਣ ਭਾਰੀ ਬੈਗ ਚੁਕਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸਰਕਾਰ ਨੇ ਸਕੂਲੀ ਬੈਗ ਦੇ ਭਾਰ ਨੂੰ ਘੱਟ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਨਾਲ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤਕ ਦੇ ਬੱਚਿਆਂ ਨੂੰ ਵੱਡੀ ਰਾਹਤ ਮਿਲ ਗਈ ਹੈ। ਦਰਅਸਲ ਸਰਕਾਰ ਨੇ ਅਪਣੇ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਪਹਿਲੀ ਕਲਾਸ ਤੋਂ ਦੂਜੀ ਕਲਾਸ ਦੇ ਬੱਚਿਆਂ ਦੇ ਸਕੂਲੀ ਬੈਗ ਦਾ ਭਾਰ ਡੇਢ ਕਿਲੋ ਤੈਅ ਕੀਤਾ ਹੈ। ਜਦਕਿ ਤੀਜੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤਕ ਦੇ ਬੱਚਿਆਂ ਦੇ ਸਕੂਲੀ ਬੈਗ ਦਾ ਭਾਰ 2 ਤੋਂ 3 ਕਿਲੋਗ੍ਰਾਮ ਤੈਅ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਛੇਵੀਂ ਕਲਾਸ ਅਤੇ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਕੂਲੀ ਬੈਗ ਦਾ ਭਾਰ ਸਾਢੇ ਚਾਰ ਕਿਲੋ ਹੋਵੇਗਾ। ਇਸ ਤੋਂ ਇਲਾਵਾ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਕੂਲੀ ਬੈਗ ਦਾ ਭਾਰ 5 ਕਿਲੋਗ੍ਰਾਮ ਤੈਅ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਹੋਮਵਰਕ ਨਾ ਦੇਣ ਲਈ ਵੀ ਆਖਿਆ ਗਿਆ ਹੈ, ਨਾਲ ਹੀ ਇਹ ਨਿਰਦੇਸ਼ ਦਿਤੇ ਗਏ ਹਨ ਕਿ ਉਨ੍ਹਾਂ ਨੂੰ ਸਿਰਫ਼ ਭਾਸ਼ਾ ਅਤੇ ਗਣਿਤ ਦੀ ਪੜ੍ਹਾਈ ਹੀ ਕਰਵਾਈ ਜਾਵੇ। ਕੋਈ ਹੋਰ ਸਿਲੇਬਸ ਨਾ ਪੜ੍ਹਾਇਆ ਜਾਵੇ।

ਤੀਜੀ ਕਲਾਸ ਤੋਂ ਪੰਜਵੀਂ ਤਕ ਦੇ ਵਿਦਿਆਰਥੀਆਂ ਨੂੰ ਭਾਸ਼ਾ ਈਵੀਐਸ ਤੇ ਮੈਥ ਐਨਸੀਆਰਟੀ ਦੇ ਸਿਲੇਬਸ ਤੋਂ ਪੜ੍ਹਾਏ ਜਾਣ ਦੇ ਨਿਰਦੇਸ਼ ਦਿਤੇ ਗਏ ਹਨ। ਜਾਣਕਾਰੀ ਅਨੁਸਾਰ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵਲੋਂ ਸਾਰੇ ਸੂਬਿਆਂ ਨੂੰ ਇਸ ਸਬੰਧੀ ਸਰਕੁਲਰ ਜਾਰੀ ਕਰ ਦਿਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਖਿਆ ਕਿ ਜਲਦ ਹੀ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰਵਾਇਆ ਜਾਵੇਗਾ।

ਉਧਰ ਬੱਚਿਆਂ ਵਿਚ ਵੀ ਇਸ ਫ਼ੈਸਲੇ ਤੋਂ ਬਾਅਦ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਹਰ ਰੋਜ਼ ਭਾਰੀ ਬੈਗ ਅਪਣੇ ਮੋਢਿਆਂ 'ਤੇ ਲਟਕਾ ਕੇ ਲਿਜਾਣਾ ਪੈਂਦਾ ਸੀ ਪਰ ਹੁਣ ਸਰਕਾਰ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਇਸ ਤੋਂ ਰਾਹਤ ਮਿਲ ਜਾਵੇਗੀ।