ਕੈਪਟਨ 22 ਜਨਵਰੀ ਨੂੰ ਕਰਨਗੇ ਕਰਜ਼ ਮਾਫ਼ੀ ਦੇ ਦੂਜੇ ਪੜਾਅ ਦਾ ਐਲਾਨ : ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਰਜ਼ਾ ਤਿੰਨ ਪੜਾਅ ਵਿਚ ਖ਼ਤਮ ਕੀਤਾ ਜਾਵੇਗਾ। ਦੂਜਾ ਪੜਾਅ 31 ਮਾਰਚ ਨੂੰ ਖ਼ਤਮ ਹੋਣ...

Manpreet Singh Badal

ਬਠਿੰਡਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਰਜ਼ਾ ਤਿੰਨ ਪੜਾਅ ਵਿਚ ਖ਼ਤਮ ਕੀਤਾ ਜਾਵੇਗਾ। ਦੂਜਾ ਪੜਾਅ 31 ਮਾਰਚ ਨੂੰ ਖ਼ਤਮ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਤੀਜੇ ਪੜਾਅ ਵਿਚ ਸਾਰਾ ਕਰਜ਼ਾ ਮਾਫ਼ ਹੋਵੇਗਾ ਜਿਸ ਦੇ ਲਈ ਤਿੰਨ ਸਾਲ ਬਚੇ ਹੋਏ ਹਨ। ਪਹਿਲੇ ਪੜਾਅ ਵਿਚ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ ਕੀਤਾ ਗਿਆ, ਦੂਜੇ ਪੜਾਅ ਵਿਚ ਰਾਸ਼ਟਰੀ ਬੈਂਕਾਂ ਦਾ, ਤੀਜੇ ਪੜਾਅ ਵਿਚ ਸ਼ਾਹੂਕਾਰਾਂ ਅਤੇ ਵਪਾਰਕ ਵਿੱਤ ਕੰਪਨੀਆਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ।

22 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਜ਼ ਮਾਫੀ ਦੇ ਦੂਜੇ ਪੜਾਅ ਦਾ ਐਲਾਨ ਕਰਨਗੇ। ਮਨਪ੍ਰੀਤ ਸਿੰਘ ਬਾਦਲ ਵੀਰਵਾਰ ਨੂੰ ਮਾਲ ਰੋਡ ਉਤੇ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ 2 ਫਰਵਰੀ ਨੂੰ ਆਵੇਗਾ ਜਦੋਂ ਕਿ 19- 20 ਫਰਵਰੀ ਨੂੰ ਲੋਕ ਸਭਾ ਚੋਣਾਂ ਲਈ ਕੋਡ ਆਫ਼ ਕਡੰਕਟ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਲਈ 15 ਫਰਵਰੀ ਤੱਕ ਪੰਜਾਬ ਦਾ ਬਜਟ ਵੀ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਕਿਹਾ ਕਿ ਬਜਟ ਦੇ ਮਾਮਲੇ ਵਿਚ ਅਜੇ ਤੱਕ ਮੰਤਰੀ ਮੰਡਲ ਦੀ ਬੈਠਕ ਨਹੀਂ ਹੋਈ ਹੈ ਪਰ ਉਮੀਦ ਹੈ ਕਿ ਕੋਡ ਆਫ਼ ਕਡੰਕਟ ਤੋਂ ਪਹਿਲਾਂ ਹੀ ਬਜਟ ਜਾਰੀ ਕਰ ਦਿਤਾ ਜਾਵੇਗਾ। ਇਸ ਤੋਂ ਪਹਿਲਾਂ ਮਾਲ ਰੋਡ ਉਤੇ ਆਯੋਜਿਤ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਕੌਂਸਲਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਕਾਂਗਰਸ ਦਾ ਹੱਥ ਫੜ ਲਿਆ। ਇਨ੍ਹਾਂ ਕੌਂਸਲਰਾਂ ਵਿਚ ਮਾਸਟਰ ਹਰਮੰਦਰ ਸਿੰਘ, ਰਜਿੰਦਰ ਸਿੰਘ  ਤੇ ਰਾਜੂ ਸਰਾਂ ਸ਼ਾਮਿਲ ਸਨ।

ਟਰੱਕ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਨੇ ਵੀ ਅਕਾਲੀ ਦਲ ਨੂੰ ਛੱਡ ਕਾਂਗਰਸ ਦਾ ਹੱਥ ਫੜ ਲਿਆ। ਸਮਾਗਮ ਦੇ ਦੌਰਾਨ ਜਿਵੇਂ ਹੀ ਮਨਪ੍ਰੀਤ ਬਾਦਲ ਸਟੇਜ ਤੋਂ ਬੋਲਣ ਲੱਗੇ ਤਾਂ ਸਮਾਗਮ ਵਿਚ ਪੁੱਜੇ ਥਰਮਲ ਕਰਮਚਾਰੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਮਨਪ੍ਰੀਤ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਮਾਗਮ ਸਥਾਨ ‘ਤੇ ਤੈਨਾਤ ਪੁਲਿਸ ਫੋਰਸ ਨੇ ਤੁਰਤ ਥਰਮਲ ਕਰਮਚਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਥਰਮਲ ਕਰਮਚਾਰੀਆਂ ਨੇ ਮਨਪ੍ਰੀਤ ਬਾਦਲ ਅਤੇ ਪੰਜਾਬ ਸਰਕਾਰ ਦੇ ਵਿਰੁਧ ਨਾਅਰੇਬਾਜ਼ੀ ਕੀਤੀ।