ਜ਼ੁਬਾਨੀ ਤੌਰ 'ਤੇ ਢੀਂਡਸਾ ਸਾਡੇ ਨਾਲ, ਸੰਵਿਧਾਨਿਕ ਤੌਰ 'ਤੇ ਨਹੀਂ ਲਿਆ ਫ਼ੈਸਲਾ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋ ਕੇ ਨਵੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ.....

Ranjit Singh Brahmpura & Sukhdev Singh Dhindsa

ਧਨੌਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋ ਕੇ ਨਵੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਹਨ। ਜੁਬਾਨੀ ਤੌਰ 'ਤੇ ਢੀਂਡਸਾ ਸਾਬ੍ਹ ਸਾਡੇ ਨਾਲ ਹਨ ਪਰੰਤੂ ਉਨ੍ਹਾਂ ਨਵੀਂ ਟਕਸਾਲੀ ਪਾਰਟੀ ਅੰਦਰ ਸ਼ਮੂਲੀਅਤ ਕਰਨ ਲਈ ਕੋਈ ਵੀ ਸੰਵਿਧਾਨਿਕ ਤੌਰ 'ਤੇ ਫ਼ੈਸਲਾ ਨਹੀਂ ਲਿਆ ਪਰ ਅਸੀ ਉਨ੍ਹਾਂ ਦੇ ਫ਼ੈਸਲੇ ਦਾ ਇੰਤਜਾਰ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਲੋਂ ਮਾਝਾ, ਦੁਆਬਾ, ਮਾਲਵਾ ਵਿਚ ਲਗਾਤਾਰ ਸੰਪਰਕ ਬਣਾਏ  ਹੋਏ ਹਨ ਜਲਦੀ ਹੀ ਕਈ ਹੋਰ ਵੱਡੇ ਚਿਹਰੇ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦਾ ਅਸੀਂ ਸਵਾਗਤ ਕਰਾਂਗੇ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲੜੇ ਜਾਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਇਸ ਉਤੇ ਵਿਚਾਰ ਚਰਚਾ ਕਰ ਰਿਹਾ ਹੈ। ਜਲਦ ਹੀ ਉਮੀਦਵਾਰਾਂ ਦਾ ਐਲਾਨ ਗਠਜੋੜ ਦੀ ਮੀਟਿੰਗ ਦੌਰਾਨ ਕੀਤੇ ਗਏ ਫ਼ੈਸਲਿਆਂ ਤੋਂ ਬਾਅਦ ਕਰਾਂਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਮਨ ਮੁਟਾਵ ਚਲ ਰਹੇ ਪਾਰਟੀ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਸ਼ਾਇਦ ਦੁਚਿੱਤੀ ਵਿਚ ਪਏ ਜਾਪਦੇ ਹਨ

ਕਿਉਂਕਿ ਉਨ੍ਹਾਂ ਵਲੋਂ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਫ਼ਿਲਹਾਲ ਅਜੇ ਤਕ ਕੋਈ ਵੀ ਰਾਜਨੀਤਿਕ ਫ਼ੈਸਲਾ ਨਹੀਂ ਲਿਆ ਜਿਸ ਕਾਰਨ ਦਿੱਗਜ ਰਾਜਨੀਤਿਕ ਲੀਡਰਾਂ ਦੀਆਂ ਨਿਗਾਹਾਂ ਢੀਂਡਸਾ ਸਾਬ੍ਹ 'ਤੇ ਟਿਕੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਅੰਦਰ ਅਪਣੀ ਸਰਦਾਰੀ ਦਾ ਆਨੰਦ ਭੋਗਣ ਵਾਲੇ ਢੀਂਡਸਾ ਪਰਵਾਰ ਵਲੋਂ ਆਗਾਮੀ ਚੋਣਾਂ ਨੂੰ ਲੈ ਕੇ ਵੀ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਭਾਵੇਂਕਿ ਸੰਵਿਧਾਨਿਕ ਤੌਰ 'ਤੇ ਉਨ੍ਹਾਂ ਦੇ ਪੁੱਤਰ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਚ ਵਿਚਰ ਰਹੇ ਹਨ। 

ਲੋਕਾਂ ਦੇ ਗਲਾਂ ਵਿਚ ਇਹ ਗੱਲ ਨਿਗਲਦੀ ਨਹੀਂ ਜਾਪਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਢੀਂਡਸਾ ਸਾਬ੍ਹ ਨਰਾਜ ਚਲ ਰਹੇ ਹਨ ਜਦੋ ਕਿ ਉਨ੍ਹਾਂ ਦੇ ਪੁੱਤਰ ਵਲੋਂ ਅਕਾਲੀ ਦਲ ਦੇ ਹਰੇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਕੀ ਇਹ ਕਿਤੇ ਟਿਕਟਾਂ ਨੂੰ ਲੈ ਕੇ ਰਾਜਨੀਤਿਕ  ਸਟੰਟ ਤਾਂ ਨਹੀਂ ?