ਉੱਘੇ ਅਕਾਲੀ ਆਗੂਆਂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ...?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਆਗੂਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਸਰਗਰਮ

Sukhbir Badal & Bikram Majithia

ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲੀ ਆਗੂਆਂ ਤੇ ਵਿਧਾਇਕਾਂ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਲਖਬੀਰ ਸਿੰਘ ਲੋਧੀਨੰਗਲ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਟੀਆਈ ਰਾਹੀਂ ਹੋਏ ਖ਼ੁਲਾਸੇ ਵਿਚ ਸਾਹਮਣੇ ਆਇਆ ਹੈ ਕਿ ਪੁਲਿਸ ਬੀਤੇ ਇਕ ਸਾਲ ਤੋਂ ਇਨ੍ਹਾਂ ਆਗੂਆਂ ਵਿਰੁਧ ‘ਜਾਂਚ ਪ੍ਰਕਿਰਿਆ’ ’ਚੋਂ ਲੰਘ ਰਹੀ ਹੈ ਪਰ ਕੋਈ ਜ਼ਿਆਦਾ ਸਫ਼ਲਤਾ ਹੱਥ ਨਹੀਂ ਲੱਗੀ।

ਦਸੰਬਰ 2017 ਵਿਚ ਕਾਂਗਰਸੀ ਆਗੂਆਂ ਵਿਰੁਧ ਰੋਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਰਾਜ ਵਿਚ ਆਵਾਜਾਈ ਰੋਕ ਦਿਤੀ ਸੀ। ਹੋਰਾਂ ਕਈ ਆਗੂਆਂ ਸਣੇ ਸੁਖਬੀਰ ਬਾਦਲ ਤੇ ਮਜੀਠੀਆ ਵਿਰੁਧ ਉਸ ਵੇਲੇ ਮੱਖੂ ਪੁਲਿਸ ਸਟੇਸ਼ਨ ਵਿਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਜ਼ਿਲ੍ਹਿਆਂ ਵਿਚ ਵੀ ਵੱਡੇ ਆਗੂਆਂ ਵਿਰੁਧ ਐਫ਼ਆਈਆਰ ਦਰਜ ਹੋਈ ਸੀ। ਨਵਾਂ ਸ਼ਹਿਰ ਨਾਲ ਸਬੰਧਤ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਵਲੋਂ ਦਾਇਰ ਕੀਤੀ ਆਰਟੀਆਈ ਦੇ ਜਵਾਬ ਵਿਚ ਪੁਲਿਸ ਨੇ ਬਹੁਤੇ ਮਾਮਲਿਆਂ ਵਿਚ ਮੰਨਿਆ ਹੈ ਕਿ

ਜਿਹੜੀਆਂ ਧਾਰਾਵਾਂ ਇਨ੍ਹਾਂ ਆਗੂਆਂ ਵਿਰੁਧ ਹਨ, ਉਸ ਤਹਿਤ ਗ੍ਰਿਫ਼ਤਾਰੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹੇ ਮਾਮਲਿਆਂ ਵਿਚ ਜ਼ਮਾਨਤ ਦੇਣਾ ਅਦਾਲਤਾਂ ਦੇ ਹੱਥ-ਵਸ ਹੈ। ਇਕ ਪੱਖ ਇਹ ਵੀ ਹੈ ਕਿ ਇਨ੍ਹਾਂ ਆਗੂਆਂ ਵਿਚੋਂ ਕਿਸੇ ਨੇ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। ਇਸ ਲਈ ਬਹੁਤੇ ਕੇਸਾਂ ਵਿਚ ਜਾਂ ਤਾਂ ਪੁਲਿਸ ‘ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ’ ਜਾਂ ‘ਹਾਲੇ ਜਾਂਚ ਜਾਰੀ ਹੈ’। ਤਰਨ ਤਾਰਨ ਦੇ ਐਸਐਸਪੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਇਸ ਇਲਾਕੇ ਵਿਚ ਦਰਜ ਐਫ਼ਆਈਆਰ ’ਚ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨਾਂ ਦਰਜ ਹੈ। ਵਿਧਾਇਕ ਦੇਸ ਰਾਜ ਧੁੱਗਾ, ਪਵਨ ਕੁਮਾਰ ਟੀਨੂੰ, ਆਗੂ ਬਲਦੇਵ ਸਿੰਘ ਖਹਿਰਾ, ਸਤਪਾਲ ਮੱਲ, ਗੁਰਪ੍ਰਤਾਪ ਵਡਾਲਾ ਨੂੰ ‘ਗ੍ਰਿਫ਼ਤਾਰ ਕਰਨ ਦੇ ਯਤਨ’ ਵੀ ਪੁਲਿਸ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਅਜੇ ਤੱਕ ਚਾਰਜਸ਼ੀਟ ਤੱਕ ਦਾਖ਼ਲ ਨਹੀਂ ਕੀਤੀ।