ਲੋਕਸਭਾ ਚੋਣਾਂ ਦੇ ਅਖਾੜੇ ’ਚ ਅਪਣੇ ਹੀ ਉਤਰਨਗੇ ਅਪਣਿਆਂ ਵਿਰੁਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਗਾ ਰਹੀਆਂ ਅੱਡੀ ਚੋਟੀ ਦਾ ਜ਼ੋਰ

Lok Sabha Election 2019

ਚੰਡੀਗੜ੍ਹ: ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਅਤੇ ਕੁਝ ਕੁ ਹਲਕਿਆਂ ਨੂੰ ਲੈ ਪਾਰਟੀਆਂ ਵਿਚ ਉਮੀਦਵਾਰਾਂ ਲਈ ਖਿੱਚੋ ਤਾਣ ਬਣੀ ਹੋਈ ਹੈ। ਅਜਿਹੇ ਵਿਚ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਦੇ ਅਪਣੇ ਹੀ ਅਪਣਿਆਂ ਦੇ ਵਿਰੋਧੀ ਬਣ ਗਏ ਹਨ। ਆਪ ਦੇ ਪੰਜਾਬ ਵਿਚ 20 ਵਿਧਾਇਕ ਅਤੇ 4 ਸੰਸਦ ਮੈਂਬਰ ਸਨ ਜੋ ਹੁਣ ਕਈ ਟੁਕੜਿਆਂ ਵਿਚ ਵੰਡੇ ਗਏ।

ਹਾਲ ਦੀ ਘੜੀ ਵਿਚ ਪਾਰਟੀ ਦੇ ਕੁੱਲ 20 ਵਿਧਾਇਕਾਂ ਵਿਚੋਂ ਕੇਵਲ 12 ਵਿਧਾਇਕ ਅਤੇ 4 ਸੰਸਦ ਮੈਂਬਰਾਂ ਵਿਚੋਂ 2 ਸੰਸਦ ਮੈਂਬਰ ਹੀ ਪਾਰਟੀ ਨਾਲ ਹਨ। ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੋਹੀ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਤੇ 8 ਵਿਧਾਇਕ ਖਹਿਰਾ ਸਮੇਤ ਬਾਗੀ ਹੋ ਪਾਰਟੀ ਤੋਂ ਪਾਸੇ ਹੋ ਗਏ। ਜਦਕਿ ਦੋ ਵਿਧਾਇਕ ਜੈ ਕਿਸ਼ਨ ਰੋੜੀ ਅਤੇ ਰੁਪਿੰਦਰ ਰੂਬੀ ਦੁਬਾਰਾ ਪਾਰਟੀ ਵਿਚ ਚਲੇ ਗਏ।

ਇਸ ਦੇ ਨਾਲ ਹੀ ਜੇਕਰ ਸੰਸਦ ਮੈਂਬਰਾਂ ਦੀ ਗੱਲ ਕਰੀਏ ਤਾਂ ਹਰਿੰਦਰ ਸਿੰਘ ਖ਼ਾਲਸਾ ਅਤੇ ਡਾਕਟਰ ਧਰਮਵੀਰ ਗਾਂਧੀ ਪਾਰਟੀ ਤੋਂ ਵੱਖ ਹੋ ਗਏ ਅਤੇ ਹੁਣ ਪਾਰਟੀ ਕੋਲ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਫ਼ਰੀਦਕੋਟ ਤੋਂ ਐਮ.ਪੀ. ਪ੍ਰੋਫ਼ੈਸਰ ਸਾਧੂ ਸਿੰਘ ਹਨ। ਜੇਕਰ 2019 ਦੀਆਂ ਲੋਕਸਭਾ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਵਿਧਾਇਕੀ ਜਿੱਤੇ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਪੀਡੀਏ ਵਲੋਂ ਆਪ ਨੂੰ ਟੱਕਰ ਦੇਣ ਲਈ ਬਠਿੰਡਾ ਅਤੇ ਫ਼ਰੀਦਕੋਟ ਤੋਂ ਮੈਦਾਨ ਵਿਚ ਉਤਰੇ ਹਨ।

ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਅਪਣੇ ਬਾਕੀ ਵਿਰੋਧੀਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੂੰ ਟੱਕਰ ਦੇਣਗੇ। ਇਸ ਦੇ ਨਾਲ ਹੀ ਪਾਰਟੀ ਵਿਚੋਂ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਅਪਣੀ ਨਵਾਂ ਪੰਜਾਬ ਪਾਰਟੀ ਬਣਾ ਅਤੇ ਪੀਡੀਏ ਨਾਲ ਹੱਥ ਮਿਲਾ ਮੁੜ ਪਟਿਆਲਾ ਤੋਂ ਚੋਣ ਲੜਨ ਜਾ ਰਹੇ ਹਨ। ਦੂਜੇ ਪਾਸੇ ਹਰਿੰਦਰ ਸਿੰਘ ਖ਼ਾਲਸਾ ਵੀ ਭਾਜਪਾ ਵਿਚ ਸ਼ਾਮਿਲ ਹੋ ਆਮ ਆਦਮੀ ਪਾਰਟੀ ਵਿਰੁਧ ਝੰਡਾ ਚੁੱਕੀ ਫਿਰਦੇ ਹਨ।

ਖੈਰ ਇਹ ਫੇਰ ਬਦਲ ਸਿਰਫ਼ ਆਮ ਆਦਮੀ ਪਾਰਟੀ ਵਿਚ ਹੀ ਨਹੀਂ ਹੋਇਆ ਸਗੋਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇਸ ਸੂਚੀ ਵਿਚ ਸ਼ਾਮਿਲ ਹੈ। ਸ਼੍ਰੋਮਣੀ ਅਕਾਲੀ ਦਲ ਵਿਚੋਂ ਮਾਝੇ ਦੇ ਟਕਸਾਲੀਆਂ ਨੇ ਵੱਖ ਹੋ ਅਪਣਾ ਇਕ ਵੱਖਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਤੇ ਅਪਣੀ ਪੁਰਾਣੀ ਪਾਰਟੀ ਨੂੰ ਕਰੜਾ ਮੁਕਾਬਲਾ ਦੇਣ ਦਾ ਦਾਅਵਾ ਕੀਤਾ ਹੈ।

ਇਸ ਦੇ ਨਾਲ ਹੀ ਅਕਾਲੀ ਦਲ ਦੀ ਟਿਕਟ ਤੋਂ ਫਿਰੋਜ਼ਪੁਰ ਦੀ ਲੋਕਸਭਾ ਚੋਣ ਜਿੱਤਣ ਵਾਲੇ ਸ਼ੇਰ ਸਿੰਘ ਘੁਬਾਇਆ ਵੀ ਹੁਣ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਾ ਸੁਖਬੀਰ ਬਾਦਲ ਨੂੰ ਅੱਖਾਂ ਨੂੰ ਦਿਖਾ ਰਹੇ ਹਨ।

ਖੈਰ ਇਨ੍ਹਾਂ ਚੋਣਾਂ ਵਿਚ ਅਪਣੇ ਹੀ ਅਪਣਿਆਂ ਦੇ ਖ਼ਿਲਾਫ਼ ਹੋ ਗਏ ਹਨ ਅਤੇ ਹੁਣ ਦੇਖਣਾ ਇਹ ਹੈ ਕਿ ਇਸ ਦਿਲਚਸਪ ਮੁਕਾਬਲੇ ਨੂੰ ਕੌਣ ਜਿੱਤਦਾ ਹੈ।