ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨਾਲ ਪੰਜਾਬ ਦੇ ਉਦਯੋਗਾਂ ਤੇ ਕਿਸਾਨਾਂ ਦੇ ਸਾਹਮਣੇ ਵੱਡਾ ਸੰਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਮਜ਼ਦੂਰ ਝੋਨਾ ਲੁਆਈ ਲਈ ਮੰਗਣ ਲੱਗੇ 10 ਹਜ਼ਾਰ ਪ੍ਰਤੀ ਏਕੜ ਤਕ

File

ਚੰਡੀਗੜ੍ਹ- ਪਰਵਾਸੀ ਮਜ਼ਦੂਰਾਂ ਦੇ ਤੇਜ਼ੀ ਨਾਲ ਹੋ ਰਹੇ ਪਲਾਇਨ ਕਾਰਨ ਪੰਜਾਬ ਵਿਚ ਆਉਣ ਵਾਲੇ ਦਿਨਾਂ 'ਚ ਖੇਤੀ ਅਤੇ ਉਦਯੋਗਿਕ ਖੇਤਰ ਵਿਚ ਵੱਡਾ ਸੰਕਟ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਸਥਾਨਕ ਮਜ਼ਦੂਰਾਂ ਦੇ ਰੇਟ ਵੀ ਹੁਣੇ ਤੋਂ ਚੜ੍ਹਨੇ ਸ਼ੁਰੂ ਹੋ ਗਏ ਹਨ। ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਦੀ ਸਥਿਤੀ ਬਾਅਦ ਹੁਣ ਸਥਾਨਕ ਮਜ਼ਦੂਰਾਂ ਨੇ ਪਿੰਡਾਂ ਵਿਚ ਝੋਨੇ ਦੀ ਲੁਆਈ ਲਈ ਪ੍ਰਤੀ ਏਕੜ 5 ਤੋਂ 10 ਹਜ਼ਾਰ ਰੁਪਏ ਰੇਟ ਮੰਗਣੇ ਸ਼ੁਰੂ ਕਰ ਦਿਤੇ ਹਨ ਜਦਕਿ ਪਿਛਲੇ ਸੀਜ਼ਨ 'ਚ ਇਹ ਰੇਟ 2200 ਤੋਂ 2500 ਰੁਪਏ ਦੇ ਕਰੀਬ ਸੀ।

ਇਸ ਕਾਰਨ ਜਿਥੇ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਵਿਚ ਸੰਕਟ ਬਣੇਗਾ, ਉਥੇ ਪਿੰਡਾਂ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਆਪਸੀ ਝਗੜੇ ਵਧਣ ਨਾਲ ਭਾਈਚਾਰਕ ਸਾਂਝ ਵੀ ਵਿਗੜਨ ਦਾ ਡਰ ਹੈ। ਕਈ ਪਿੰਡਾਂ ਵਿਚ ਸਥਾਨਕ ਮਜ਼ਦੂਰਾਂ ਵਲੋਂ ਜ਼ਿਆਦਾ ਰੇਟ ਮੰਗਣ ਕਾਰਨ ਆਪਸੀ ਕਹਾ ਸੁਣੀ ਵੀ ਹੋਈ ਜਦ ਕਿ ਝੋਨੇ ਦੀ ਲੁਆਈ ਦਾ ਸੀਜ਼ਨ ਹਾਲੇ ਸ਼ੁਰੂ ਹੋਣਾ ਹੈ। ਜ਼ਿਕਰਯੋਗ ਹੈ ਕਿ 10 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਅਪਣੇ ਸੂਬਿਆਂ ਨੂੰ ਜਾਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾ ਰੱਖੀ ਹੈ।

ਅਤੇ ਸਰਕਾਰ ਵਲੋਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬਸਾਂ ਦੇ ਪ੍ਰਬੰਧ ਰਾਹੀਂ ਹੁਣ 1 ਲੱਖ ਤੋਂ ਵੱਧ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਭੇਜਿਆ ਜਾ ਚੁੱਕਾ ਹੈ। ਲੱਖਾਂ ਮਜ਼ਦੂਰ ਸੜਕਾਂ ਅਤੇ ਰੇਲ ਸਟੇਸ਼ਨਾਂ ਵਲ ਥਾਂ-ਥਾਂ ਕਾਫ਼ਲਿਆਂ ਦੇ ਰੂਪ ਵਿਚ ਪਰਵਾਰਕ ਮੈਂਬਰਾਂ ਅਤੇ ਛੋਟੇ-ਛੋਟੇ ਬੱਚਿਆਂ ਸਮੇਤ ਤੁਰੇ ਜਾਂਦੇ ਵੇਖੇ ਜਾ ਸਕਦੇ ਹਨ। ਸਰਕਾਰ ਲਈ ਵੀ ਹੁਣ ਸਥਿਤੀ ਔਖੀ ਬਣ ਰਹੀ ਹੈ ਕਿਉਂਕਿ ਕਈ ਥਾਈਂ ਸੜਕ ਤੇ ਰੇਲ ਹਾਦਸਿਆਂ ਵਿਚ ਮਜ਼ਦੂਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

ਪੰਜਾਬ ਸਰਕਾਰ ਨੇ ਹੁਣ ਪਰਵਾਸੀ ਮਜ਼ਦੂਰਾਂ ਨੂੰ ਸੜਕਾਂ ਤੇ ਰੇਲ ਲਾਈਨਾਂ ਵਲ ਇਸ ਤਰ੍ਹਾਂ ਪੈਦਲ ਚੱਲਣ ਤੋਂ ਰੋਕਣ ਲਈ ਸਖ਼ਤੀ ਕਰਦਿਆਂ ਪੁਲਿਸ ਨੂੰ ਉਨ੍ਹਾਂ  ਨੂੰ ਰੋਕਣ ਲਈ ਹੁਕਮ ਦੇ ਦਿਤੇ ਗਏ ਹਨ ਪਰ ਪਰਵਾਸੀ ਮਜ਼ਦੂਰ ਕਿਸੇ ਵੀ ਕੀਮਤ 'ਤੇ ਰੁਕਣ ਲਈ ਤਿਆਰੀ ਨਹੀਂ ਅਤੇ ਅਪਣੇ ਸੂਬਿਆਂ ਨੂੰ ਜਾਣ ਲਈ ਕਾਹਲੇ ਹਨ। ਇਹ ਸਥਿਤੀ ਪੰਜਾਬ ਲਈ ਚਿੰਤਾਜਨਕ ਹੈ ਜਿਥੇ ਉਦਯੋਗਾਂ ਅਤੇ ਖੇਤੀ ਆਦਿ ਵਿਚ ਝੋਨੇ ਦੀ ਲੁਆਈ ਦਾ ਕੰਮ ਪਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੈ। 

ਕਿਸਾਨ ਮਿਲ ਬੈਠ ਕੇ ਮਜ਼ਦੂਰਾਂ ਨਾਲ ਰੇਟ ਤੈਅ ਕਰਨ: ਰਾਜੇਵਾਲ- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਪਰਵਾਸੀ ਮਜ਼ਦੂਰਾਂ ਦੇ ਜਾਣ ਅਤੇ ਸਥਾਨਕ ਮਜ਼ਦੂਰਾਂ ਵਲੋਂ ਮਨਮਰਜ਼ੀ ਦੇ ਰੇਟ ਮੰਗਣ ਦੀ ਪੈਦਾ ਹੋਈ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਦੇ ਵਸੇਬੇ ਦੇ ਪੂਰੇ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਜਾਣ ਤੋਂ ਰੋਕੇ।

ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਵਾਸੀ ਮਜ਼ਦੂਰਾਂ ਦੀ ਕਮੀ ਦੇ ਚਲਦੇ ਜ਼ਿਆਦਾ ਰੇਟ ਮੰਗਣ 'ਤੇ ਸਥਾਨਕ ਮਜ਼ਦੂਰਾਂ ਨਾਲ ਉਲਝਣ ਦੀ ਥਾਂ ਉਨ੍ਹਾਂ ਨਾਲ ਮਿਲ ਬੈਠ ਕੇ ਰੇਟ ਤੈਅ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਅਤੇ ਸਥਾਨਕ ਮਜ਼ਦੂਰਾਂ ਵਿਚ ਬਣੀ ਸਾਂਝ ਕਾਇਮ ਰੱਖੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿਤੀ ਕਿ ਉਹ ਮਜ਼ਦੂਰੀ ਦੇ ਰੇਟਾਂ ਦੇ ਕਿਸੇ ਝਗੜੇ ਵਿਚ ਪੈਣ ਦੀ ਥਾਂ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ਦੀ ਵਰਤੋਂ ਵਲ ਧਿਆਨ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।