ਨਸ਼ਾ ਤਸਕਰਾਂ ਦੀਆਂ 220 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ : ਸੁਰੇਸ਼ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਵੇਂ ਉਨਾਂ ਨੇ ਸੂਬੇ ਵਿੱਚੋਂ 'ਅੱਤਵਾਦ' ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ............

DGP Shresh Arora and MLA Lakha Payal addressing

ਖੰਨਾ/ਦੋਰਾਹਾ : ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਵੇਂ ਉਨਾਂ ਨੇ ਸੂਬੇ ਵਿੱਚੋਂ 'ਅੱਤਵਾਦ' ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਦਾ ਸਹਿਯੋਗ ਕੀਤਾ ਸੀ, ਉਵੇਂ ਹੀ 'ਨਸ਼ੇ' ਨੂੰ ਖ਼ਤਮ ਕਰਨ ਲਈ ਵੀ ਉਹ ਅੱਗੇ ਆ ਕੇ ਸਹਿਯੋਗ ਕਰਨ।  ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਫੜੇ ਮੁਲਜ਼ਮਾਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਸਰਕਾਰ ਨਾਲ ਅਟੈਚ ਕਰਵਾਈਆਂ ਗਈਆਂ ਹਨ। ਇਹ ਸਾਰੀ ਰਾਸ਼ੀ ਭਾਰਤ ਸਰਕਾਰ ਨੂੰ ਜਾਂਦੀ ਹੈ।

ਜੇਕਰ ਇਸ ਰਾਸ਼ੀ ਵਿੱਚੋਂ ਬਣਦੀ ਯੋਗ ਰਾਸ਼ੀ ਸੂਬਾ ਸਰਕਾਰ ਨੂੰ ਮਿਲਣ ਲੱਗੇ ਤਾਂ ਇਸ ਨਾਲ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰਾਂ ਖ਼ਤਮ ਕਰਨ ਦੇ ਨਾਲ-ਨਾਲ ਨਸ਼ਾ ਛੱਡਣ ਵਾਲਿਆਂ ਦਾ ਚੰਗੇ ਤਰੀਕੇ ਨਾਲ ਪੁਨਰਵਾਸ ਵੀ ਕੀਤਾ ਜਾ ਸਕਦਾ ਹੈ।  ਅਰੋੜਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾਮੁਕਤੀ ਮੁਹਿੰਮ ਤਹਿਤ ਜੋ ਵੀ ਵਿਅਕਤੀ ਨਸ਼ਾ ਛੱਡਣ ਲਈ ਖੁਦ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਣਗੇ, ਉਨਾਂ ਖ਼ਿਲਾਫ਼ ਕੋਈ ਵੀ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਅਜਿਹੇ ਵਿਅਕਤੀਆਂ ਨੂੰ ਸਿਹਤਮੰਦ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। 

ਅੱੱਜ ਹੈਵੈਨਲੀ ਪੈਲੇਸ ਵਿਖੇ ਪੁਲਿਸ ਜ਼ਿਲਾ ਖੰਨਾ ਵੱਲੋਂ ਨਸ਼ਿਆਂ ਵਿਰੁਧ ਕਰਵਾਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਇਸ ਸਮੇਂ  ਬਦਲਾਅ ਦੀ ਸਥਿਤੀ ਵਿੱਚ ਲੰਘ ਰਿਹਾ ਹੈ। ਇਸ ਹਾਂ-ਪੱਖੀ ਬਦਲਾਅ ਦੌਰਾਨ ਪੰਜਾਬ ਦੇ ਉਹ ਵਿਅਕਤੀ ਜੋ ਕਿ ਕਿਸੇ ਨਾ ਕਿਸੇ ਕਾਰਨ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਸਨ, ਉਹ ਮੁੜ ਸਿਹਤਮੰਦ ਸਮਾਜ ਦਾ ਹਿੱਸਾ ਬਣਨ ਲਈ ਅੱਗੇ ਆਉਣ ਲੱਗੇ ਹਨ। ਇਸ ਮੌਕੇ ਖੰਨਾ ਪੁਲਿਸ ਅਧੀਨ ਪੈਂਦੇ ਇਲਾਕੇ ਦੇ ਨਸ਼ਾ ਛੱਡਣ ਵਾਲੇ ਦੋ ਨੌਜਵਾਨਾਂ ਨੇ ਵੀ ਸੰਬੋਧਨ ਕੀਤਾ ਅਤੇ ਸੁਨੇਹਾ ਦਿੱਤਾ ਕਿ ਜੇਕਰ ਮਨ ਵਿੱਚ ਕੋਈ ਕੰਮ ਧਾਰ ਲਿਆ ਜਾਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ।

ਉਨਾਂ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਤੰਦਰੁਸਤ ਸਮਾਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਹਲਕਾ ਪਾਇਲ ਦੇ ਵਿਧਾਇਕ ਸ੍ਰ. ਲਖ਼ਬੀਰ ਸਿੰਘ ਲੱਖਾ ਨੇ ਉਨਾਂ ਪਰਿਵਾਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਿਨਾਂ  ਦੇ ਪਰਿਵਾਰਕ ਮੈਂਬਰ ਇਸ ਬਿਮਾਰੀ ਤੋਂ ਪੀੜਤ ਹਨ। ਸਮਾਗਮ ਨੂੰ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਬੀਰ ਸਿੰਘ ਖੱਟੜਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ•ਾ ਪੁਲਿਸ ਮੁੱਖੀ ਸ੍ਰੀ ਧਰੁਵ ਦਹੀਆ ਅਤੇ ਕੌਂਸਲਰ ਮਿਸ ਰਵੀ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਨਸ਼ਿਆਂ ਖ਼ਿਲਾਫ ਮੁਹਿੰਮ ਵਿੱਚ ਅਣਥੱਕ ਸੇਵਾ ਨਿਭਾਉਣ ਵਾਲੇ ਖੰਨਾ ਪੁਲਿਸ ਦੇ ਇੰਸਪੈਕਟਰ ਸ੍ਰ. ਗੁਰਮੇਲ ਸਿੰਘ, ਇੰਸਪੈਕਟਰ ਸ੍ਰ. ਮਨਜੀਤ ਸਿੰਘ, ਇੰਸਪੈਕਟਰ ਸ੍ਰ. ਹਰਦੀਪ ਸਿੰਘ ਆਦਿ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।