ਹਰ ਧਰਮ ਦੀ ਜਾਣਕਾਰੀ ਰੱਖਦੀ ਹੈ, ਗੂਗਲ ਬੇਬੇ ਕੁਲਵੰਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲਾ ਫਤਿਹਗੜ੍ਹ ਸਾਹਿਬ ਸਥਿਤ ਪਿੰਡ ਮਨੈਲਾ ਦੀ ਵਾਸੀ ਇਕ 55 ਸਾਲਾ ਔਰਤ ਕੁਲਵੰਤ ਕੌਰ ਗੂਗਲ ਵਾਂਗੂ ਸਾਰੀ ਜਾਣਕਾਰੀ ਰੱਖਦੀ ਹੈ।

Kulwant Kaur Google Bebe

ਜ਼ਿਲਾ ਫਤਿਹਗੜ੍ਹ ਸਾਹਿਬ ਸਥਿਤ ਪਿੰਡ ਮਨੈਲਾ ਦੀ ਵਾਸੀ ਇਕ 55 ਸਾਲਾ ਔਰਤ ਕੁਲਵੰਤ ਕੌਰ ਗੂਗਲ ਵਾਂਗੂ ਸਾਰੀ ਜਾਣਕਾਰੀ ਰੱਖਦੀ ਹੈ। ਪਿੰਡ ਵਾਲਿਆਂ 'ਤੇ ਆਸਪਾਸ ਦੇ ਲੋਕਾਂ ਨੇ ਉਸਦਾ ਨਾਂਅ ਗੂਗਲ ਬੇਬੇ ਰੱਖਿਆ ਹੋਇਆ ਹੈ। ਦੱਸ ਦਈਏ ਕਿ ਇਹ ਗੂਗਲ ਬੇਬੇ ਇੱਕ ਸਿਧੇ ਸਾਦੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੀ ਹੈ।  

ਗੂਗਲ ਬੇਬੇ ਨੂੰ ਭਾਰਤ ਦੇ ਇਤਿਹਾਸ 'ਚ ਜਿੰਨੇ ਵੀ ਰਾਜੇ ਮਹਾਰਾਜੇ, ਉਨ੍ਹਾਂ ਦੇ ਰਾਜਕਾਲ ਜਿਵੇਂ, ਆਰਿਆ ਲੋਕ, ਭਾਰਤ 'ਤੇ ਪਹਿਲਾਂ ਹਮਲਾ ਕਰਨ ਵਾਲੇ ਮੁਹੰਮਦ ਬਿਨ ਕਾਜ਼ਮ ਤੇ ਭਾਰਤ 'ਤੇ 17 ਹਮਲੇ ਕਰਨ ਵਾਲੇ ਗਜਨਵੀ, ਬੁੱਧ ਧਰਮ ਬਾਰੇ ਅਤੇ ਬੁੱਤ ਤਹਿਸ ਨਹਿਸ ਕਰਨ ਵਾਲੇ ਅਲਾਊਦੀਨ ਖਿਲਜੀ, ਸਿਕੰਦਰ ਪੋਰਸ ਦੇ ਹਮਲੇ ਨੂੰ ਠੱਲ੍ਹ ਪਾਉਣ ਵਾਲੇ ਚੰਦਰਗੁਪਤ ਮੌਰਿਆ, ਅਸ਼ੌਕ ਸਮਰਾਟ ਸਮੇਤ ਮਹਾਰਾਜਾ ਰਣਜੀਤ ਸਿੰਘ, ਜੱਸਾ ਸਿੰਘ ਆਹਲੂਵਾਲੀਆ ਸਮੇਤ ਕਈ ਰਾਜੇ ਮਹਾਰਾਜਿਆਂ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਲੁਧਿਆਣਾ 'ਚ ਕੇ. ਕੇ ਬਾਵਾ ਵਲੋਂ ਕਰਵਾਏ ਗਏ ਇੱਕ ਸਮਾਗਮ 'ਚ ਗੂਗਲ ਬੇਬੇ ਅੰਤਰਾਸ਼ਟਰੀ ਸਮਾਜ ਸੇਵਕ ਐੱਸ. ਪੀ. ਸਿੰਘ ਓਬਰਾਏ ਦੀਆਂ ਨਜ਼ਰਾਂ 'ਚ ਆਈ। ਜਿਸ ਦੌਰਾਨ ਉਨ੍ਹਾਂ ਨੇ ਬੀਬੀ ਦੇ ਘਰ ਜਾ ਕਿ ਉਨ੍ਹਾਂ ਦੀ ਆਰਥਿਕ ਹਾਲਤ ਦੇਖ ਕਿ ਪਹਿਲਾਂ ਉਨ੍ਹਾਂ ਦੀ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਈ।

ਇਸ ਦੇ ਨਾਲ ਹੀ ਉਨ੍ਹਾਂ ਨੇ ਗੂਗਲ ਬੇਬੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀਆਂ ਨਾਲ ਮੋਬਾਈਲ 'ਤੇ ਗੱਲ ਕਰਵਾਈ ਤਾਂ ਬੇਬੇ ਨੇ ਉਨ੍ਹਾਂ ਅਧਿਕਾਰੀਆਂ ਵਲੋਂ ਪੁੱਛੇ ਗਏ 6 ਸਵਾਲਾਂ ਦਾ ਜਵਾਬ ਨਾਲ ਦੀ ਨਾਲ ਦੇ ਦਿੱਤਾ। ਓਬਰਾਏ ਨੇ ਹੁਣ ਗੂਗਲ ਬੇਬੇ ਨੂੰ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ 'ਚ ਦਾਖ਼ਲ ਕਰਵਾਉਣ ਦਾ ਫੈਸਲਾ ਕੀਤਾ ਹੈ। ਬੇਬੇ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਉਹ ਧਰਮ ਅਧਿਐਨ ਵਿਸ਼ੇ 'ਤੇ ਪੀ. ਐੱਚ. ਡੀ ਕਰਨਾ ਚਾਹੇਗੀ।

ਕੁਲਵੰਤ ਕੌਰ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੇ ਆਗਰੇ ਵਾਲੇ ਘਰ 'ਚ ਜਦੋਂ ਕੱਪੜਾ ਵਪਾਰੀ ਰਾਮ ਲਾਲ (ਡੱਗੀ ਵਾਲਾ) ਆਉਂਦਾ ਸੀ ਤੇ ਉਸ ਦੇ ਪਿਤਾ ਨਾਲ ਬੈਠ ਕੇ ਕਾਫੀ ਸਮੇਂ ਹਰ ਧਰਮ ਬਾਰੇ ਗੱਲਬਾਤ ਕਰਦਾ ਸੀ ਅਤੇ ਕੁਲਵੰਤ ਤੇ ਉਸਦੇ ਭੈਣ ਭਰਾ ਇਹ ਗੱਲਾਂ ਬਹੁਤ ਧਿਆਨ ਨਾਲ ਆਪਣੇ ਪਿਤਾ ਤੇ ਉਨ੍ਹਾਂ ਦੇ ਮਿੱਤਰ ਕੋਲੋਂ ਸੁਣਦੇ ਰਹਿੰਦੇ ਸਨ।