ਪੰਜਾਬ ਦੀ ਜ਼ਮੀਨ 'ਚੋਂ ਤੇਲ ਲੱਭ ਰਹੀਆਂ ਕੇਂਦਰ ਦੀਆਂ ਟੀਮਾਂ ; ਹੱਥ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਪਨੀ ਵੱਲੋਂ 150 ਫੁੱਟ ਡੂੰਘੇ ਬੋਰ ਕੀਤੇ ਗਏ ਅਤੇ ਫਿਰ ਬਾਰੂਦੀ ਬੰਬ ਨਾਲ ਬੋਰ ਅੰਦਰ ਧਮਾਕੇ ਕੀਤੇ ਗਏ

ONGC teams searching oil in Punjab

ਸ੍ਰੀ ਫ਼ਤਿਹਗੜ੍ਹ ਸਾਹਿਬ : ਪੰਜਾਬ 'ਚ ਜ਼ਿਲ੍ਹਾ ਲੁਧਿਆਣਾ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਅਧੀਨ ਕਈ ਪਿੰਡਾਂ ਵਿਚੋਂ ਕੱਚਾ ਤੇਲ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ। ਧਰਤੀ ਹੇਠਾਂ ਖਣਿਜ ਪਦਾਰਥਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਓਐਨਜੀਸੀ ਨੂੰ ਸੈਟੇਲਾਈਟ ਰਾਹੀਂ ਇਹ ਜਾਣਕਾਰੀ ਮਿਲੀ ਹੈ ਕਿ ਪਾਣੀਪਤ ਤੋਂ ਲੈ ਕੇ ਗੁਰਦਾਸਪੁਰ ਤੱਕ ਕੁੱਝ ਭਾਗਾਂ ਵਿਚ ਧਰਤੀ ਹੇਠਾਂ ਪਟਰੌਲੀਅਮ ਪਦਾਰਥ ਤੇ ਗੈਸ ਹੋ ਸਕਦੀ ਹੈ। ਇਸ ਦਾਅਵੇ ਪਿੱਛੋਂ ਇਸ ਜ਼ਮੀਨ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੀ ਕੰਪਨੀ ਓਐਨਜੀਸੀ ਵੱਲੋਂ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਧਰਤੀ ਹੇਠਾਂ ਡੂੰਘੇ ਬੋਰ ਕਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਥਾਂ 'ਤੇ ਪਟਰੌਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।

ਇਸ ਬਾਰੇ ਪਤਾ ਲਗਾਉਣ ਲਈ 'ਸਪੋਕਸਮੈਨ ਟੀਵੀ' ਦੀ ਟੀਮ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਡੰਗੇੜੀਆਂ ਦਾ ਦੌਰਾ ਕੀਤਾ। ਇਸ ਮੌਕੇ ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਓਐਨਜੀਸੀ ਕੰਪਨੀ ਵੱਲੋਂ 10 ਦਿਨ ਪਹਿਲਾਂ 5 ਬੋਰ ਕੀਤੇ ਗਏ ਸਨ। ਕੰਪਨੀ ਨੇ ਬੋਰ ਕਰਨ ਲਈ ਮਜ਼ਦੂਰ ਅਤੇ ਬੋਰਿੰਗ ਮਸ਼ੀਨ ਮੰਗਵਾਈ ਹੋਈ ਸੀ ਅਤੇ ਕਈ ਦਿਨਾਂ ਤਕ ਖੇਤਾਂ 'ਚ ਡੇਰਾ ਲਾਈ ਰੱਖਿਆ। ਕੰਪਨੀ ਵੱਲੋਂ ਲਗਭਗ 150 ਫੁੱਟ ਡੂੰਘੇ ਬੋਰ ਕੀਤੇ ਗਏ ਅਤੇ ਫਿਰ ਬਾਰੂਦੀ ਬੰਬ ਨਾਲ ਬੋਰ ਅੰਦਰ ਧਮਾਕੇ ਕੀਤੇ ਗਏ। 

ਹਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਵਾਲਿਆਂ ਦਾ ਕਹਿਣਾ ਸੀ ਕਿ ਧਮਾਕੇ ਨਾਲ ਜ਼ਮੀਨ ਹੇਠਾਂ ਤੋਂ ਫੱਟ ਜਾਵੇਗੀ ਅਤੇ ਤੇਲ ਨਿਕਲੇਗਾ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੇਲ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ ਦੇ ਮੁਆਵਜ਼ੇ ਵਜੋਂ 4-4 ਕਰੋੜ ਰੁਪਏ ਮਿਲਣਗੇ। ਕੰਪਨੀ ਵੱਲੋਂ ਤੇਲ ਮਿਲਣ ਦੀ ਸੰਭਾਵਨਾ ਵਾਲੀਆਂ ਥਾਵਾਂ 'ਤੇ ਨੀਲੀ ਅਤੇ ਲਾਲ ਰੰਗ ਦੀਆਂ ਝੰਡੀਆਂ ਨਾਲ ਨਿਸ਼ਾਨੀਆਂ ਲਗਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ 4 ਦਿਨਾਂ 'ਚ 5 ਬੋਰ ਕੀਤੇ ਗਏ ਅਤੇ ਅੰਤਮ ਦਿਨ ਧਮਾਕਾ ਕੀਤਾ ਗਿਆ। ਕੰਪਨੀ ਨੂੰ ਇਥੇ ਤੇਲ ਹੋਣ ਦਾ ਕੋਈ ਸਬੂਤ ਨਾ ਮਿਲਿਆ।

ਹਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਕੀਤੇ ਬੋਰਾਂ ਕਾਰਨ ਉਨ੍ਹਾਂ ਨੂੰ ਫ਼ਸਲੀ ਤੌਰ 'ਤੇ ਕਾਫ਼ੀ ਨੁਕਸਾਨ ਹੋਇਆ ਹੈ। ਕੰਪਨੀ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ 10-15 ਦਿਨਾਂ 'ਚ ਉਸ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। 

ਵੇਖੋ ਵੀਡੀਓ :-