1986 ਬੇਅਦਬੀ ਤੇ ਗੋਲੀਕਾਂਡ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰਨ ਦੀ ਮੰਗ
ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ ਜਿਥੇ ਲਗਭਗ ਜਨਤਕ ਹੋ ਚੁਕੀਆਂ...
ਚੰਡੀਗੜ੍ਹ : ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ ਜਿਥੇ ਲਗਭਗ ਜਨਤਕ ਹੋ ਚੁਕੀਆਂ ਹਨ, ਉਥੇ ਹੀ ਸਾਲ 1986 ਵਿਚ ਵਾਪਰੇ ਲਗਭਗ ਇਸੇ ਤਰ੍ਹਾਂ ਦੇ ਹੀ ਕਾਂਡ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਵੀ ਪੰਜਾਬ ਵਿਧਾਨ ਸਭਾ ਦੇ ਅਗਾਮੀ ਵਰਖ਼ਾ ਰੁਤ ਸਮਾਗਮ ਵਿਚ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ।
ਨਕੋਦਰ ਕਾਂਡ ਦੇ ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਕੈਲੇਫੋਰਨੀਆ ਰਹਿੰਦੇ ਬਜ਼ੁਰਗ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਇਹ ਰੀਪੋਰਟ ਜਸਟਿਸ ਰਣਜੀਤ ਸਿਂੰਘ ਕਮਿਸ਼ਨ ਰਿਪੋਰਟ ਦੇ ਨਾਲ ਹੀ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਵਿਸੇਸ਼ ਸੈਸ਼ਨ ਵਿਚ ਟੇਬਲ ਕਰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਸ਼ਹੀਦ ਦੇ ਭਰਾ ਹਰਿੰਦਰ ਸਿੰਘ ਲਿੱਤਰਾਂ ਨੇ ਨਕੋਦਰ ਕਾਂਡ ਬਾਰੇ ਕਈ ਅਹਿਮ ਖੁਲਾਸੇ ਵੀ ਕੀਤੇ ਗਏ ਹਨ।
ਹਰਿੰਦਰ ਸਿੰਘ ਜੋ ਖੁਦ ਉਸ ਵੇਲੇ ਲਗੇ ਰੋਸ ਧਰਨੇ ਚ ਸ਼ਾਮਿਲ ਰਹੇ ਹਨ, ਨੇ ਦਾਅਵਾ ਕੀਤਾ ਕਿ ਬਹਿਬਲ ਕਲਾਂ ਵਾਂਗ 4 ਫਰਵਰੀ 1986 ਨੂੰ ਨਕੋਦਰ ਵਿਚ ਵੀ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ਉਤੇ ਜਾਣਬੁਝ ਕੇ ਗੋਲੀ ਚਲਾਈ ਗਈ ਸੀ, ਜਿਸ ਵਿਚ ਸਭ ਤੋਂ ਪਹਿਲਾਂ 19 ਸਾਲਾ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਗੋਲੀ ਵੱਜੀ ਤੇ ਬਾਕੀ ਤਿੰਨ ਸਿੰਘਾਂ ਨੂੰ ਪਿਛਾ ਕਰਕੇ ਮਿਥ ਕੇ ਗੋਲੀ ਮਾਰੀ ਗਈ, ਜਿਹਨਾਂ ਵਿਚੋਂ ਫੈਡਰੇਸ਼ਨ ਆਗੂ ਭਾਈ ਹਰਮੰਦਰ ਸਿੰਘ ਨੂੰ ਫੜ ਕੇ ਮੂੰਹ ਚ ਰਿਵਾਲਵਰ ਪਾ ਕੇ ਗੋਲੀ ਮਾਰੀ ਗਈ।
ਫਿਰ ਵੀ ਬਚ ਜਾਣ 'ਤੇ ਫੱਟੜ ਹਾਲਤ ਚ ਹਸਪਤਾਲ ਚੋਂ ਇਲਾਜ ਦੌਰਾਨ ਚੁੱਕ ਕੇ ਮਾਰਿਆ ਗਿਆ। ਮਾਮਲਾ ਰਫ਼ਾ ਦਫ਼ਾ ਕਰਨ ਲਈ ਰਾਤੋ ਰਾਤ ਪੋਸਟ ਮਾਰਟਮ ਕਰ ਮ੍ਰਿਤਕ ਦੇਹਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਹਿਤ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ। ਕਮਿਸ਼ਨ ਵਲੋਂ 28 ਮਾਰਚ 1987 ਨੂੰ ਰੀਪੋਰਟ ਵੀ ਸੌਂਪ ਦਿਤੀ ਗਈ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਨਾ ਤਾਂ ਉਹ ਰੀਪੋਰਟ ਹੀ ਜਨਤਕ ਕੀਤੀ ਅਤੇ ਨਾ ਹੀ ਕਿਸੇ ਨੂੰ ਕੋਈ ਇਨਸਾਫ ਮਿਲਿਆ।
ਦਸ ਦਈਏ ਕਿ ਉਸ ਸਮੇਂ ਇਸ ਗੰਭੀਰ ਮਾਮਲੇ ਦੀ ਜਾਂਚ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਨੂੰ ਸੌਂਪੀ ਗਈ ਸੀ, ਜੋ 29 ਮਾਰਚ 1987 ਨੂੰ ਪੂਰੀ ਹੋ ਗਈ ਸੀ ਪਰ ਇਸ ਰਿਪੋਰਟ ਨੂੰ ਅੱਜ ਤਕ ਜਨਤਕ ਨਹੀਂ ਕੀਤਾ ਗਿਆ। ਗੋਲੀ ਕਾਂਡ ਦੌਰਾਨ ਮਾਰੇ ਗਏ ਪਿੰਡ ਲਿੱਤਰਾਂ, ਜ਼ਿਲ੍ਹਾ ਜਲੰਧਰ ਨਿਵਾਸੀ ਰਵਿੰਦਰ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਦੌਰਾਨ ਕਿਹੜੇ ਤੱਥ ਸਾਹਮਣੇ ਆਏ ਸਨ।
ਦਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲੇ ਕੁੱਝ ਸਾਲ ਪਹਿਲਾਂ ਹੀ ਇਨ੍ਹਾਂ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜ਼ਾਇਬ ਘਰ ਵਿਚ ਲਗਾਇਆ ਸੀ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਨੌਜਵਾਨ ਦੇ ਮਾਪਿਆਂ ਦੀ ਮੰਗ ਨੂੰ ਪੂਰੀ ਕਰਦੇ ਹੋਏ 32 ਸਾਲ ਪੁਰਾਣੇ ਇਸ ਕੇਸ ਦੀ ਜਾਂਚ ਰਿਪੋਰਟ ਨੂੰ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕਰਦੇ ਹਨ ਜਾਂ ਨਹੀਂ?