ਜੇ ਸੜਕ 'ਤੇ ਮੋਬਾਈਲ ਦੀ ਵਰਤੋਂ ਕੀਤੀ ਤਾਂ ਲੱਗੇਗਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ ਸੀਨੇਟ ਨੇ ਨਵਾਂ ਬਿੱਲ ਪੇਸ਼ ਕੀਤਾ ; 25 ਤੋਂ 50 ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦੈ

New York considers fines for staring at your phone while crossing the road

ਨਿਊਯਾਰਕ : ਸਮਾਰਟਫ਼ੋਨ ਅੱਜ-ਕੱਲ ਲੋਕਾਂ ਦੀਆਂ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਲੋਕ ਖਾਂਦੇ, ਪੀਂਦੇ, ਸੌਣ ਇੱਥੋਂ ਤਕ ਕਿ ਬਾਥਰੂਮ ਵਿੱਚ ਵੀ ਇਸ ਦੇ ਇਸੇਤਮਾਲ ਖੁਣੋਂ ਰਹਿ ਨਹੀਂ ਪਾਉਂਦੇ। ਸੜਕ 'ਤੇ ਪੈਦਲ ਚਲਦਿਆਂ ਜੇ ਤੁਸੀ ਵੀ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਹੁਣ ਸੁਧਰ ਜਾਓ। ਛੇਤੀ ਹੀ ਨਿਊਯਾਰਕ 'ਚ ਇਕ ਨਵੇਂ ਕਾਨੂੰਨ ਤਹਿਤ ਪੈਦਲ ਚੱਲਣ ਦੌਰਾਨ ਟਾਈਪਿੰਗ ਕਰਨ 'ਤੇ ਰੋਕ ਲੱਗ ਸਕਦੀ ਹੈ। ਨਿਊਯਾਰਕ 'ਚ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਸੜਕ 'ਤੇ ਚੱਲਣ ਸਮੇਂ ਜੇ ਕੋਈ ਮੋਬਾਈਲ 'ਚ ਟਾਈਪਿੰਗ ਕਰਦਾ ਵੇਖਿਆ ਜਾਂਦਾ ਹੈ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ।

ਇਸ ਬਿਲ ਨੂੰ ਸਟੇਟ ਸੀਨੇਟ ਨੇ ਪੇਸ਼ ਕੀਤਾ ਹੈ ਅਤੇ ਇਸ ਨੂੰ ਬਰੂਕਲਿਨ ਅਸੈਂਬਲੀ ਦੇ ਫੈਲਿਕਸ ਆਰਟਿਜ਼ ਨੇ ਸਪਾਂਸਰ ਕੀਤਾ ਹੈ। ਇਸ ਬਿਲ ਮੁਤਾਬਕ ਸੜਕ ਪਾਰ ਕਰਨ ਸਮੇਂ ਕੋਈ ਵਿਅਕਤੀ ਹੱਥ 'ਚ ਫ਼ੋਨ ਫੜੇ ਵੇਖਿਆ ਜਾਂਦਾ ਹੈ ਤਾਂ ਉਸ 'ਤੇ 25 ਤੋਂ 50 ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 18 ਮਹੀਨੇ ਅੰਦਰ ਵਾਰ-ਵਾਰ ਫੜੇ ਜਾਣ ਵਾਲੇ ਪੈਦਲ ਯਾਤਰੀਆਂ ਨੂੰ 250 ਡਾਲਰ ਤਕ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਕਵੀਨਜ਼ ਦੇ ਸੀਨੇਟਰ ਜੋਨ ਲੀਊ ਮੁਤਾਬਕ ਇਸ ਬਿਲ ਨੂੰ ਲਿਆਉਣ ਦਾ ਉਦੇਸ਼ ਸੜਕ ਹਾਦਸਿਆਂ ਨੂੰ ਰੋਕਣਾ ਹੈ। ਲੋਕ ਅਕਸਰ ਮੋਬਾਈਲ ਦੀ ਵਰਤੋਂ ਕਰਦਿਆਂ ਸੜਕ ਪਾਰ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਧਿਆਨ ਮੋਬਾਈਲ ਵੱਲ ਵੱਧ ਅਤੇ ਸੜਕ 'ਤੇ ਘੱਟ ਹੁੰਦਾ ਹੈ। ਪੇਸ਼ ਕੀਤੇ ਗਏ ਬਿਲ ਤਹਿਤ ਸੜਕ ਪਾਰ ਕਰਦਿਆਂ ਪੋਰਟੇਬਲ ਇਲੈਕਟ੍ਰੋਨਿਕਸ ਡਿਵਾਈਸ ਤੋਂ ਤਸਵੀਰਾਂ ਲੈਣ, ਭੇਜਣ, ਗੇਮ ਖੇਡਣ ਜਾਂ ਇੰਟਰਨੈਟ ਸਰਫ਼ਿੰਗ, ਈਮੇਲ, ਟੈਕਸਟ ਮੈਸੇਜ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਾਟਾ ਕੰਪੋਜ਼ ਕਰਨਾ, ਭੇਜਣਾ, ਪੜ੍ਹਨਾ, ਵਿਊ ਕਰਨਾ, ਐਕਸਿਸ ਕਰਨਾ, ਬ੍ਰਾਊਜ ਕਰਨਾ ਜਾਂ ਫਿਰ ਸੇਵ ਤੇ ਰਿਟਵੀਟ ਕਰਨਾ ਆਦਿ 'ਤੇ ਪਾਬੰਦੀ ਹੋਵੇਗੀ।

ਇਸ ਬਿਲ 'ਚ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਗਈ ਹੈ, ਜੋ ਐਮਰਜੈਂਸੀ ਦੀ ਹਾਲਤ 'ਚ ਕਿਸੇ ਹਸਪਤਾਲ, ਡਾਕਟਰ, ਫ਼ਾਇਰ ਵਿਭਾਗ ਜਾਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰ ਰਹੇ ਹੋਣਗੇ। ਜ਼ਿਕਰਯੋਗ ਹੈ ਕਿ ਅਜਿਹਾ ਬਿਲ ਹਵਾਈ ਅਤੇ ਕੈਲੇਫ਼ੋਰਨੀਆ 'ਚ ਵੀ ਪਾਸ ਹੋ ਚੁੱਕਾ ਹੈ।