ਬਾਦਲਾਂ ਲਈ 'ਸਭ ਤੋਂ ਮਾੜਾ ਦਿਨ' ਹੋ ਸਕਦੈ 21 ਅਕਤੂਬਰ
ਟਕਸਾਲੀ ਬਾਗ਼ੀ ਅਕਾਲੀ ਆਗੂਆਂ ਨੂੰ ਲੈ ਕੇ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ। ਬਾਦਲਾਂ ਨੂੰ ਅੱਖਾਂ ਦਿਖਾਉਣ ਵਾਲੇ ਇਨ੍ਹਾਂ ਅਕਾਲੀਆਂ ਦੀਆਂ ਤਾਰਾਂ ਹੁਣ ਬਰਗਾੜੀ ਮੋਰਚੇ ਨਾਲ ...
ਚੰਡੀਗੜ੍ਹ (ਸਸਸ) :- ਟਕਸਾਲੀ ਬਾਗ਼ੀ ਅਕਾਲੀ ਆਗੂਆਂ ਨੂੰ ਲੈ ਕੇ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ। ਬਾਦਲਾਂ ਨੂੰ ਅੱਖਾਂ ਦਿਖਾਉਣ ਵਾਲੇ ਇਨ੍ਹਾਂ ਅਕਾਲੀਆਂ ਦੀਆਂ ਤਾਰਾਂ ਹੁਣ ਬਰਗਾੜੀ ਮੋਰਚੇ ਨਾਲ ਜਾ ਜੁੜੀਆਂ ਹਨ। ਬਾਗ਼ੀ ਅਕਾਲੀ ਸੇਵਾ ਸਿੰਘ ਸੇਖਵਾਂ ਵਲੋਂ ਜਿੱਥੇ ਯੂਨਾਇਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਨਾਲ ਬਠਿੰਡਾ ਵਿਚ ਗੁਪਤ ਮੀਟਿੰਗ ਕੀਤੀ ਗਈ ਹੈ, ਉਥੇ ਹੀ ਇਹ ਵੀ ਕਿਹਾ ਜਾ ਰਿਹੈ ਕਿ ਟਕਸਾਲੀ ਬਾਗ਼ੀ ਆਗੂ 21 ਅਕਤੂਬਰ ਨੂੰ ਬਰਗਾੜੀ ਵਿਖੇ ਚੱਲ ਰਹੇ ਮੋਰਚੇ ਨੂੰ ਸੰਬੋਧਨ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਸੇਖਵਾਂ ਨੇ ਇਹ ਮੀਟਿੰਗ ਟਕਸਾਲੀ ਆਗੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭੁੱਲ ਦੀ ਅਰਦਾਸ ਕਰ ਕੇ ਪਸ਼ਚਾਤਾਪ ਕਰਨ ਮਗਰੋਂ ਕੀਤੀ ਹੈ। ਇਹ ਵੀ ਕਿਹਾ ਜਾ ਰਿਹੈ ਕਿ ਸੇਖਵਾਂ ਵਲੋਂ ਇਹ ਮੀਟਿੰਗ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਦੇ ਪ੍ਰਤੀਨਿਧੀ ਵਜੋਂ ਕੀਤੀ ਗਈ ਹੈ। ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਅਕਾਲੀ ਦਲ ਦੇ ਕਈ ਹੋਰ ਨੇਤਾ ਅੰਦਰੋ ਅੰਦਰੀ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਗ਼ੀ ਹੋ ਚੁੱਕੇ ਹਨ
ਅਤੇ ਇਹ ਲਾਵਾ ਕਿਸੇ ਦਿਨ ਵੀ ਫੁੱਟ ਸਕਦੇ ਹਨ, ਕਿਉਂਕਿ ਇਨ੍ਹਾਂ ਬਾਗ਼ੀ ਟਕਸਾਲੀ ਆਗੂਆਂ ਵਲੋਂ ਬਰਗਾੜੀ ਇਨਯਾਫ਼ ਮੋਰਚੇ ਵਿਚ ਵੱਡੇ ਕਾਫ਼ਲੇ ਦੇ ਰੂਪ ਵਿਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੇਖਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਅਕਾਲੀ ਦਲ ਪੰਥਕ ਮੁੱਦਿਆਂ ਨੂੰ ਵਿਸਾਰਦਾ ਜਾ ਰਿਹਾ ਹੈ। ਜਿਸ ਕਾਰਨ ਅਕਾਲੀ ਦਲ ਨੂੰ ਭਵਿੱਖ ਵਿਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦੈ।
ਉਨ੍ਹਾਂ ਆਖਿਆ ਕਿ ਇਸ ਦਾ ਅਸਰ 2017 ਦੀਆਂ ਚੋਣਾਂ ਵਿਚ ਹੀ ਸਾਹਮਣੇ ਨਜ਼ਰ ਆ ਗਿਆ ਸੀ ਜਦੋਂ ਅਕਾਲੀ ਦਲ ਨੂੰ ਸਿਰਫ਼ 17 ਸੀਟਾਂ ਹੀ ਮਿਲੀਆਂ ਸਨ। ਉਧਰ ਅਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਨਸਾਫ਼ ਮੋਰਚੇ ਦੇ ਇਕ ਆਗੂ ਦਾ ਕਹਿਣੈ ਕਿ ਵੱਡੀ ਗਿਣਤੀ ਵਿਚ ਅਕਾਲੀ ਲੀਡਰ ਉਨ੍ਹਾਂ ਦੇ ਸੰਪਰਕ ਵਿਚ ਹਨ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਦੋਵੇਂ ਬਾਦਲਾਂ ਨੂੰ ਸਜ਼ਾ ਦਿਵਾਉਣ ਦੇ ਹੱਕ ਵਿਚ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਹਾਲਾਤ ਇਹ ਬਣਦੇ ਜਾ ਰਹੇ ਨੇ ਕਿ ਅਕਾਲੀ ਦਲ ਵਿਚ ਬਾਦਲ ਪਿਓ-ਪੁੱਤਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਹੀ ਰਹਿ ਜਾਣਗੇ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੀ ਹਾਲਤ ਦਿਨ ਪ੍ਰਤੀ ਦਿਨ ਪਤਲੀ ਹੁੰਦੀ ਜਾ ਰਹੀ ਹੈ ਅਤੇ ਜੇਕਰ ਹੁਣ ਬਾਗ਼ੀ ਟਕਸਾਲੀ ਆਗੂਆਂ ਨੇ ਅਕਾਲੀ ਦਲ ਨੂੰ ਦਰਕਿਨਾਰ ਕਰਕੇ ਬਰਗਾੜੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕਰ ਲੈਂਦੇ ਹਨ ਤਾਂ ਇਹ ਬਾਦਲਾਂ ਲਈ ਸਭ ਤੋਂ ਵੱਡਾ ਝਟਕਾ ਹੋਵੇਗਾ।