ਨਿਰੰਕਾਰੀ ਭਵਨ ਹਮਲੇ ਪਿਛੇ ਵੀ ਹੋ ਸਕਦੀਆਂ ਹਨ ਅੰਦਰੂਨੀ ਤਾਕਤਾਂ : ਫੂਲਕਾ
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ 'ਤੇ ਅਜ ਹੋਏ ਹਮਲੇ 'ਤੇ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ........
ਚੰਡੀਗੜ੍ਹ (ਨੀਲ) : ਅੰਮ੍ਰਿਤਸਰ ਜ਼ਿਲੇ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ 'ਤੇ ਅਜ ਹੋਏ ਹਮਲੇ 'ਤੇ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ। ਇਸੇ ਦੌਰਾਨ ਨਾਮਵਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਨਾਮਨਜ਼ੂਰ ਅਸਤੀਫ਼ਾ ਦੇਈ ਬੈਠੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਇਕ ਵੱਡਾ ਬਿਆਨ ਦੇ ਦਿਤਾ ਹੈ। ਫੂਲਕਾ ਨੇ ਕੁੱਝ ਟੀਵੀ ਚੈਨਲਾਂ ਨੂੰ ਸਾਂਝਾ ਬਿਆਨ ਦਿੰਦਿਆਂ ਕਿਹਾ ਹੈ
ਕਿ ਇਸ ਧਮਾਕੇ ਪਿਛੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ 'ਚ ਹੋਏ ਬੰਬ ਧਮਾਕੇ ਵਾਂਗ 'ਹੋਰ ਅੰਦਰੁਨੀ ਤਾਕਤਾਂ' ਹੋ ਸਕਦੀਆਂ ਹਨ। ਫੂਲਕਾ ਨੇ ਮੌੜ ਮੰਡੀ ਧਮਾਕੇ ਪਿਛੇ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਅਜ ਹੋਏ ਹਮਲੇ ਦੀ ਪੂਰੀ ਜੜ ਤਕ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤੋਂ ਪਹਿਲਾਂ ਕਿਸੇ ਉਤੇ ਦੋਸ਼ ਮੜ੍ਹਨੇ ਕਿਸੇ ਪੱਖੋਂ ਜਾਇਜ਼ ਗਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌੜ ਬੰਬ ਧਮਾਕਾ ਇਸ ਦੀ ਮਿਸਾਲ ਹੈ।
ਹੁਣ ਤਕ ਇਹੀ ਰੌਲਾ ਪਾਈ ਰੱਖਿਆ ਕਿ ਇਹ ਧਮਾਕਾ ਖ਼ਾਲਿਸਤਾਨੀਆਂ ਜਾਂ ਆਮ ਆਦਮੀ ਪਾਰਟੀ ਵਲੋਂ ਕਰਵਾਇਆ ਗਿਆ ਸੀ ਜਦਕਿ ਅਸਲੀਅਤ ਕੁਝ ਹੋਰ ਨਿਕਲੀ ਸੀ ਕਿ ਉਹ ਧਮਾਕਾ ਡੇਰਾ ਮੁਖੀ ਰਾਮ ਰਹੀਮ ਦੇ ਕਥਿਤ ਇਸ਼ਾਰੇ ਉਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਲਈ ਕਥਿਤ ਤੌਰ ਉਤੇ ਕਰਵਾਇਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਚੋਣਾਂ ਨੇੜੇ ਵੇਖ ਸਿਆਸੀ ਧਿਰਾਂ ਅਜਿਹੇ ਕਾਰੇ ਕਰਦੀਆਂ ਆਈਆਂ ਹਨ।