ਫੂਲਕਾ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਹਾਲੇ ਟਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਤਿੰਨ ਪੁਲਿਸ ਅਫ਼ਸਰਾਂ ਨੂੰ ਦਿਤੀ ਰਾਹਤ ਨੂੰ ਆਧਾਰ ਬਣਾਇਆ..............

H. S. Phoolka

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਅਸੈਂਬਲੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਹਾਲ ਦੀ ਘੜੀ ਟਾਲ ਦਿਤਾ ਹੈ। ਉਨ੍ਹਾਂ ਨੇ 17 ਸਤੰਬਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਨਵੇਂ ਫ਼ੈਸਲੇ ਮੁਤਾਬਕ 20 ਸਤੰਬਰ ਤਕ ਅੱਗੇ ਪਾ ਦਿਤਾ ਹੈ। ਵਕੀਲ ਫੂਲਕਾ ਇਸ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਲਈ ਸਮਾਂ ਨਾ ਮਿਲਣ ਦੀ ਆੜ ਹੇਠ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਚੁਕੇ ਹਨ।

ਇਸ ਵਾਰ ਉਨ੍ਹਾਂ ਨੇ ਗੁਰੂ ਗੰ੍ਰਥ ਸਾਹਿਬ ਦੇ ਬੇਅਦਬੀ ਦੇ ਦੋਸ਼ਾਂ ਵਿਚ ਘਿਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਉਤੇ 15 ਤਕ ਮੁਕੱਦਮਾ ਨਾ ਚਲਾਉਣ ਦੀ ਸੂਰਤ ਵਿਚ 16 ਸਤੰਬਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ ਸੀ। ਉਨ੍ਹਾਂ ਨੇ ਦਿੱਲੀ ਤੋਂ ਸਪੋਕਸਮੈਨ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਦੋਸ਼ੀ ਠਹਿਰਾਏ ਗਏ ਪੁਲਿਸ ਅਧਿਕਾਰੀਆਂ ਵਿਰੁਧ ਦਰਜ ਕੀਤੇ ਗਏ ਮਾਮਲੇ ਤੇ ਆਰਜ਼ੀ ਤੌਰ 'ਤੇ ਰੋਕ ਲਾ ਦਿਤੀ ਹੈ ਅਤੇ ਅਗਲੀ ਸੁਣਵਾਈ 20 ਨੂੰ ਰੱਖੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਕੇਸ ਨਾਲ ਸਬੰਧਤ ਪਟੀਸ਼ਨ ਅਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਘੋਖਣ ਤੋਂ ਬਾਅਦ ਅਗਲਾ ਫ਼ੈਸਲਾ ਲੈਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਾਦਲ ਤੇ ਸੁਮੇਧ ਸੈਣੀ ਦੀ ਭੂਮਿਕਾ ਵੀ ਕਈ ਤਰ੍ਹਾਂ ਨਾਲ ਇਸੇ ਕੇਸ ਨਾਲ ਜੁੜੀ ਹੋਈ ਹੋ ਸਕਦੀ ਹੈ। ਫੂਲਕਾ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਅਸੈਂਬਲੀ ਤੋਂ ਅਸਤੀਫ਼ਾ ਦੇ ਰਹੇ ਹਨ। ਦੂਜੇ ਬੰਨੇ ਇਹ ਵੀ ਚਰਚਾ ਹੈ ਕਿ ਉਹ ਅਗਲੀ ਪਾਰਲੀਮੈਂਟ ਚੋਣ 'ਚ ਉਹ ਪੰਜਾਬ ਤੋਂ ਲੜਨ ਦੀ ਇੱਛਾ ਰਖਦੇ ਹਨ।