ਜਾਅਲੀ ਸਰਟੀਫਿਕੇਟ ਬਣਾ ਫ਼ੌਜ ‘ਚ ਭਰਤੀ ਕਰਵਾਉਣ ਵਾਲੇ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਅਲੀ ਸਰਟੀਫਿਕੇਟ ਬਣਾ ਕੇ ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬ ਕੋਟੇ ਤੋਂ ਫ਼ੌਜ ਵਿਚ ਭਰਤੀ ਕਰਵਾਉਣ ਵਾਲੇ 5 ਦੋਸ਼ੀਆਂ ਨੂੰ ਰੋਪੜ...

Fraud Case

ਰੋਪੜ : ਜਾਅਲੀ ਸਰਟੀਫਿਕੇਟ ਬਣਾ ਕੇ ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬ ਕੋਟੇ ਤੋਂ ਫ਼ੌਜ ਵਿਚ ਭਰਤੀ ਕਰਵਾਉਣ ਵਾਲੇ 5 ਦੋਸ਼ੀਆਂ ਨੂੰ ਰੋਪੜ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੇ ਕੋਲੋਂ 8 ਲੱਖ ਰੁਪਏ ਦੀ ਨਕਦੀ, 48 ਆਦਮੀਆਂ ਦੇ ਨਕਲੀ ਦਸਤਾਵੇਜ਼, 29 ਆਧਾਰ ਕਾਰਡ ਅਤੇ 63 ਜਾਅਲੀ ਸਟੈਂਪਸ ਬਰਾਮਦ ਹੋਏ ਹਨ। ਦੋਸ਼ੀਆਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉਤੇ ਹਰਿਆਣਾ ਦੇ 26 ਨੌਜਵਾਨਾਂ ਨੂੰ ਪੰਜਾਬ ਕੋਟੇ ਤੋਂ ਫ਼ੌਜ ਵਿਚ ਭਰਤੀ ਕਰਵਾਇਆ ਹੈ।

ਐਸਐਸਪੀ ਰੋਪੜ ਸਵਪਨ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਕੁੱਝ ਦਿਨ ਪਹਿਲਾਂ ਸਾਂਝ ਕੇਂਦਰ ਰੋਪੜ ਵਿਚ ਇਹ ਲੋਕ ਵੈਰੀਫ਼ਿਕੇਸ਼ਨ ਕਰਵਾਉਣ ਆਏ ਸਨ। ਕੇਂਦਰ ਦੇ ਇਨਚਾਰਜ ਰਾਜਿੰਦਰ ਸਿੰਘ ਅਤੇ ਸਟਾਫ਼ ਨੂੰ ਸ਼ੱਕ ਹੋਇਆ ਕਿਉਂਕਿ ਇਹ ਹਰਿਆਣਵੀ ਬੋਲ ਰਹੇ ਸਨ ਅਤੇ ਦੂਜਾ ਵੈਰੀਫ਼ਿਕੇਸ਼ਨ ਕਰਵਾਉਣ ਲਈ ਸੁਸ਼ੀਲ ਸਿੰਘ ਨਿਵਾਸੀ ਰਘੁਬੀਰ ਨਗਰ ਰੋਪੜ, ਜਗਦੀਪ ਸਿੰਘ ਨਿਵਾਸੀ ਰਾਜਿੰਦਰ ਨਗਰ ਵਾਰਡ ਨੰਬਰ 13 ਅਤੇ ਪ੍ਰਦੀਪ ਸਿੰਘ ਨਿਵਾਸੀ ਵਾਰਡ ਨੰਬਰ 1,

ਸਤਲੁਜ ਕਲੋਨੀ ਰੋਪੜ ਦੀ ਆਰਮੀ ਦੀ ਵੈਰੀਫ਼ਿਕੇਸ਼ਨ ਸਬੰਧੀ ਜਾਅਲੀ ਕਾਗਜ਼ਾਤ ਦਾ ਐਡਰੈੱਸ ਇਨ੍ਹਾਂ ਨੇ ਦਿਤਾ ਸੀ, ਜਦੋਂ ਕਿ ਰਘੁਬੀਰ ਨਗਰ ਅਤੇ ਰਾਜਿੰਦਰ ਨਗਰ ਦਾ ਕੋਈ ਰਿਹਾਇਸ਼ੀ ਏਰੀਆ ਰੋਪੜ ਵਿਚ ਹੈ ਹੀ ਨਹੀਂ। ਕੇਂਦਰ ਸਟਾਫ਼ ਨੇ ਇਸ ਦੀ ਜਾਣਕਾਰੀ ਡੀਐਸਪੀ (ਆਰ) ਗੁਰਵਿੰਦਰ ਸਿੰਘ ਅਤੇ ਐਸਐਚਓ ਸਿਟੀ ਰਾਜਪਾਲ ਸਿੰਘ ਨੂੰ ਦਿਤੀ। ਜਿਸ ਤੋਂ ਬਾਅਦ ਰਾਜਪਾਲ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ੀ ਯੋਗੇਸ਼ ਕੁਮਾਰ ਨਿਵਾਸੀ ਬਾਜ਼ੀਗਰ ਬਸਤੀ ਲੁਧਿਆਣਾ,

ਅਮਿਤ ਕੁਮਾਰ ਨਿਵਾਸੀ ਫਿਰੋਜ਼ਪੁਰ ਕੈਂਟ, ਮਨੋਜ ਕੁਮਾਰ ਨਿਵਾਸੀ ਫਿਰੋਜ਼ਪੁਰ ਕੈਂਟ, ਸੁਨੀਲ ਨਿਵਾਸੀ ਕਰਮਗੜ ਨਰਵਾਣਾ, ਮਨਜੀਤ ਸਿੰਘ  ਨਿਵਾਸੀ ਜੀਂਦ (ਹਰਿਆਣਾ) ਨੂੰ ਕਾਬੂ ਕੀਤਾ। ਇਨ੍ਹਾਂ ਦੇ ਖਿਲਾਫ਼ ਧਾਰਾ 420, 465, 467, 468, 471, 120ਬੀ ਦੇ ਤਹਿਤ ਕੇਸ ਦਰਜ ਕਰ ਕੀਤਾ ਗਿਆ ਹੈ। ਮਿੰਨੀ ਸਕੱਤਰੇਤ ਵਿਚ ਫੋਟੋ ਸਟੇਟ ਦੀ ਦੁਕਾਨ ਚਲਾਉਣ ਵਾਲੇ ਛੇਵੇਂ ਦੋਸ਼ੀ ਬੋਬੀ ਦੀ ਭੂਮਿਕਾ ਦੀ ਪੁਲਿਸ ਜਾਂਚ ਕਰ ਰਹੀ ਹੈ। ਸਾਰੇ ਮੋਹਰਾਂ ਫਿਰੋਜ਼ਪੁਰ ਅਤੇ ਦਿੱਲੀ ਤੋਂ ਬਣਾਈ ਗਈਆਂ ਹਨ।

ਜਾਅਲੀ ਮੋਹਰਾਂ ਬਣਾਉਣ ਵਾਲੀਆਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਦੋਸ਼ੀਆਂ ਨੂੰ ਐਤਵਾਰ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ। ਐਸਐਸਪੀ ਨੇ ਦੱਸਿਆ ਕਿ ਇਹ ਗੈਂਗ 5 ਸਾਲਾਂ ਵਿਚ ਲਗਭੱਗ 150 ਆਦਮੀਆਂ ਦੇ ਜਾਅਲੀ ਸਰਟੀਫਿਕੇਟ ਬਣਾ ਚੁੱਕਿਆ ਹੈ। ਹਰਿਆਣਾ ਦੇ 26 ਨੌਜਵਾਨਾਂ ਨੂੰ ਤਾਂ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਫ਼ੌਜ ਵਿਚ ਭਰਤੀ ਵੀ ਕਰਵਾ ਚੁੱਕਿਆ ਹੈ। ਪੰਜਾਬ ਵਿਚ ਇਹ ਗੈਂਗ ਇਸ ਲਈ ਸਰਗਰਮ ਸੀ ਕਿਉਂਕਿ ਇੱਥੇ ਫ਼ੌਜ ਦੀ ਭਰਤੀ ਵਿਚ ਮੁਕਾਬਲਾ ਘੱਟ ਹੈ ਅਤੇ ਸਾਲ ਵਿਚ ਕਈ ਵਾਰ ਭਰਤੀਆਂ ਕੀਤੀਆਂ ਜਾਂਦੀਆਂ ਹਨ।

ਇਸ ਦੇ ਕਾਰਨ ਲੋਕ ਪੰਜਾਬ ਵਿਚ ਜਾਅਲੀ ਰਿਹਾਇਸ਼ੀ ਸਰਟੀਫਿਕੇਟ ਅਤੇ ਕਾਸਟ ਸਰਟੀਫਿਕੇਟ ਬਣਵਾ ਕੇ ਤਸਦੀਕ ਕਰਵਾਉਂਦੇ ਸਨ। ਦੋ ਸਾਲ ਵਿਚ ਇਹ ਗੈਂਗ ਰੋਪੜ ਵਿਚ ਸਰਗਰਮ ਸੀ। ਰੋਪੜ ਜ਼ਿਲ੍ਹਾ ਕੰਡੀ ਏਰੀਆ ਵਿਚ ਹੋਣ ਦੇ ਕਾਰਨ ਫ਼ੌਜ ਵਿਚ ਲੰਬਾਈ ਵਿਚ 5 ਸੈਂਟੀਮੀਟਰ ਦੀ ਛੂਟ ਹੈ। ਇਨ੍ਹਾਂ ਨੇ 2017 ਵਿਚ ਰੋਪੜ ਵਿਚ 4 ਲੋਕਾਂ ਨੂੰ ਅਤੇ 2018 ਵਿਚ 6 ਲੋਕਾਂ ਨੂੰ ਜਾਅਲੀ ਸਰਟੀਫਿਕੇਟ ਬਣਾ ਕੇ ਫ਼ੌਜ ਵਿਚ ਭਰਤੀ ਕਰਵਾਇਆ ਹੈ।