ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਲਵਾ ਪੱਟੀ ਦੇ ਡੇਰਿਆਂ 'ਚ ਮੁੜ ਰੌਣਕਾਂ ਪਰਤਣੀਆਂ ਸ਼ੁਰੂ
ਚਰਚਿਤ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਜੇਲ ਜਾਣ ਤੋਂ ਬਾਅਦ ਸੁੰਨੇ ਹੋਏ ਨਾਮ ਚਰਚਾਵਾਂ ਘਰਾਂ..............
ਬਠਿੰਡਾ : ਚਰਚਿਤ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਜੇਲ ਜਾਣ ਤੋਂ ਬਾਅਦ ਸੁੰਨੇ ਹੋਏ ਨਾਮ ਚਰਚਾਵਾਂ ਘਰਾਂ 'ਚ ਮੁੜ ਰੌਣਕਾਂ ਪਰਤ ਆਈਆਂ ਹਨ। ਡੇਰਾ ਸਿਰਸਾ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ, ਮਾਨਸਾ ਅਤੇ ਹੋਰ ਇਲਾਕਿਆਂ 'ਚ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਨਾਮ ਚਰਚਾਵਾਂ ਮੁੜ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਨ੍ਹਾਂ ਨਾਮ ਚਰਚਾਵਾਂ ਦੇ ਪਿੱਛੇ ਹਾਲੇ ਤਕ ਕੋਈ ਸਿੱਧਾ ਸਿਆਸੀ ਮੰਤਵ ਸਾਹਮਣੇ ਨਹੀਂ ਆਇਆ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਬੇਅਦਬੀ ਕਾਂਡ ਦੇ ਮਾਮਲਿਆਂ 'ਚ ਕੁੱਝ ਡੇਰਾ ਅਹੁਦੇਦਾਰਾਂ ਦੇ ਹੱਥ ਸਾਹਮਣੇ ਆਉਣ
ਅਤੇ ਹੁਣ ਬਰਗਾੜੀ ਕਾਂਡ 'ਚ ਵੀ ਡੇਰਾ ਦਾ ਅਸਿੱਧੇ ਤਰੀਕੇ ਨਾਲ ਨਾਮ ਬੋਲਣ ਤੋਂ ਬਾਅਦ ਸਹਿਮ 'ਚ ਨਿਕਲੇ ਡੇਰਾ ਪ੍ਰੇਮੀਆਂ ਨੇ ਅੰਦਰਖਾਤੇ ਇਕਜੁਟ ਹੋਣਾ ਸ਼ੁਰੂ ਕਰ ਦਿਤਾ ਹੈ। ਡੇਰੇ ਨਾਲ ਜੁੜੇ ਸੂਤਰਾਂ ਮੁਤਾਬਕ ਇਕੱਲੇ ਨਾਮਚਰਚਾ ਘਰਾਂ ਵਿਚ ਹੀ ਨਹੀਂ, ਬਲਕਿ ਡੇਰਾ ਪ੍ਰੇਮੀਆਂ ਦੇ ਖ਼ੁਸ਼ੀ ਅਤੇ ਗਮੀ ਦੇ ਪ੍ਰੋਗਰਾਮਾਂ ਮੌਕੇ ਵੀ ਖੁਲ੍ਹ ਕੇ ਨਾਮਚਰਚਾਵਾਂ ਕੀਤੀਆਂ ਜਾਣ ਲੱਗੀਆਂ ਹਨ। ਇਨ੍ਹਾਂ ਨਾਮ ਚਰਚਾਵਾਂ ਦੇ ਬਹਾਨੇ ਪ੍ਰੇਮੀ ਮੁੜ ਅਪਣੇ ਦਿਲ ਦੀਆਂ ਗੱਲਾਂ ਬਾਹਰ ਕੱਢਣ ਲੱਗੇ ਹਨ। ਦਸਣਾ ਬਣਦਾ ਹੈ ਕਿ ਡੇਰਾ ਵਿਵਾਦ ਤੋਂ ਬਾਅਦ ਵਿਗੜੇ ਮਾਹੌਲ ਦੌਰਾਨ ਵੀ ਡੇਰੇ ਸੁੰਨੇ ਹੋਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਪਿਛਲੀ ਬਾਦਲ ਸਰਕਾਰ ਦੁਆਰਾ ਅਪਣੇ ਕਾਰਜਕਾਲ ਦੇ ਅੰਤਮ
ਸਾਲਾਂ ਦੌਰਾਨ ਡੇਰਾ ਪ੍ਰੇਮੀਆਂ ਨੂੰ ਮੁੜ ਖੁਲ੍ਹ ਦੇਣੀ ਸ਼ੁਰੂ ਕਰ ਦਿਤੀ ਸੀ ਜਿਸ ਦਾ ਸਿਲਾ ਇਸ ਵਾਰ ਡੇਰੇ ਦੇ ਸਿਆਸੀ ਵਿੰਗ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਖੁੱਲ੍ਹੇਆਮ ਮਦਦ ਕਰ ਕੇ ਮੋੜਿਆ ਸੀ। ਪ੍ਰੰਤੂ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਡੇਰੇ ਪ੍ਰੇਮੀ ਇਕ ਵਾਰ ਫਿਰ ਦਬਕ ਗਏ ਸਨ ਤੇ ਮੁੜ ਪਿਛਲੇ ਸਾਲ ਅਗੱਸਤ ਮਹੀਨੇ 'ਚ ਸੌਦਾ ਸਾਧ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਸਜ਼ਾ ਹੋ ਜਾਣ ਤੋਂ ਬਾਅਦ ਭੜਕੇ ਦੰਗਿਆਂ ਵਿਚ ਡੇਰਾ ਪ੍ਰੇਮੀਆਂ ਤੇ ਅਹੁਦੇਦਾਰਾਂ ਪ੍ਰਤੀ ਸਰਕਾਰ ਵਲੋਂ ਦਿਖਾਈ ਸਖ਼ਤੀ ਦੇ ਚਲਦੇ ਬੇਸ਼ੱਕ ਮਾਲਵਾ ਪੱਟੀ 'ਚ ਕੁੱਝ ਅਗਜ਼ਨੀ ਦੀਆਂ ਘਟਨਾਵਾਂ ਨੂੰ ਛੱਡ ਮਾਹੌਲ ਜ਼ਿਆਦਾ
ਵਿਗੜਣ ਤੋਂ ਬਚਿਆ ਰਿਹਾ ਸੀ ਪ੍ਰੰਤੂ ਬਾਅਦ ਵਿਚ ਵੱਡੀ ਪੱਧਰ 'ਤੇ ਡੇਰਾ ਅਹੁਦੇਦਾਰਾਂ ਤੇ ਪ੍ਰੇਮੀਆਂ ਉਪਰ ਪਏ ਪੁਲਿਸ ਕੇਸਾਂ ਦੇ ਚਲਦੇ ਪੰਜਾਬ 'ਚ ਡੇਰਾ ਸਿਰਸਾ ਨਾਲ ਸਬੰਧਤ ਸੱਭ ਤੋਂ ਵੱਡੇ ਨਾਮ ਚਰਚਾ ਘਰ ਸਲਾਬਤਪੁਰਾ ਸਹਿਤ ਬਾਕੀਆਂ ਨੂੰ ਵੀ ਤਾਲੇ ਲੱਗ ਗਏ ਸਨ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਅਗਲੇ ਕੁੱਝ ਮਹੀਨਿਆਂ 'ਚ ਦੇਸ਼ ਭਰ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਪ੍ਰੇਮੀਆਂ ਦੀਆਂ ਵਧ ਰਹੀਆਂ ਸਿਆਸੀ ਸਰਗਰਮੀਆਂ ਵੀ ਖੇਤਰ ਵਿਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮ ਦੇਣ ਲੱਗੀਆਂ ਹਨ।