ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਝੰਜੇੜੀ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ 'ਚ ਲੰਮੇ ਸਮੇਂ ਤੋਂ ਗਲੀਆਂ-ਨਾਲੀਆਂ ਦੀ ਸਮੱਸਿਆ ਬਣੀ ਹੋਈ ਹੈ

Tandrust Mission Punjab : Village Jhanjheri peoples facing many problems

ਐਸਏਐਸ ਨਗਰ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਐਸਏਐਸ ਨਗਰ ਦੇ ਪਿੰਡ ਝੰਜੇੜੀ ਪੁੱਜੀ।

'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਝੰਜੇੜੀ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਵਸਨੀਕ ਧਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਲੰਮੇ ਸਮੇਂ ਤੋਂ ਗਲੀਆਂ-ਨਾਲੀਆਂ ਦੀ ਸਮੱਸਿਆ ਬਣੀ ਹੋਈ ਹੈ, ਜੋ ਹਾਲੇ ਤਕ ਹੱਲ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਸਿਆਸੀ ਆਗੂ ਪਿੰਡ 'ਚ ਆਉਂਦਾ ਹੈ ਤਾਂ ਉਹ ਸਿਰਫ਼ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਵੀ ਦੇ ਕੇ ਨਹੀਂ ਜਾਂਦਾ।

ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਪੀਣ ਵਾਲੇ ਪਾਣੀ ਦੀ ਵੀ ਕਾਫ਼ੀ ਸਮੱਸਿਆ ਹੈ। ਪਿੰਡ 'ਚ ਪਾਣੀ ਦੀ ਸਰਕਾਰੀ ਟੈਂਕੀ ਲੱਗੀ ਹੋਈ ਹੈ, ਜਿਸ ਨੂੰ ਪਹਿਲਾਂ ਪਿੰਡ ਵਾਸੀ ਵਰਤਦੇ ਹੁੰਦੇ ਸਨ ਪਰ ਹੁਣ ਇਥੇ ਦੋ-ਤਿੰਨ ਕਾਲਜ, ਮੈਰਿਜ ਪੈਲੇਸ ਆਦਿ ਖੁੱਲ੍ਹ ਗਏ ਹਨ, ਉਹ ਵੀ ਇਸੇ ਟੈਂਕੀ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ।

ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਬਾਹਰ ਕੋਈ ਪੱਕਾ ਨਾਲਾ ਬਣਾਇਆ ਜਾਣਾ ਚਾਹੀਦਾ ਹੈ, ਜਿਸ 'ਚ ਪਿੰਡ ਦੀਆਂ ਨਾਲੀਆਂ ਦਾ ਪਾਣੀ ਸੁੱਟਿਆ ਜਾਵੇ। ਜਦੋਂ ਤਕ ਪੱਕੇ ਨਾਲੇ ਦੀ ਵਿਵਸਥਾ ਨਹੀਂ ਕੀਤੀ ਜਾਂਦੀ, ਇਹ ਸਮੱਸਿਆ ਇੰਜ ਹੀ ਬਣੀ ਰਹੇਗੀ। ਜਦੋਂ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਨਾਲੀਆਂ ਦਾ ਪਾਣੀ ਗਲੀਆਂ 'ਚ ਖੜਾ ਹੋ ਜਾਂਦਾ ਹੈ। ਕਾਫ਼ੀ ਦਿਨ ਤਕ ਇਹੀ ਹਾਲਾਤ ਬਣੇ ਰਹਿੰਦੇ ਹਨ, ਜਿਸ ਕਾਰਨ ਗਲੀ ਕੁਝ ਕੁ ਦਿਨਾਂ 'ਚ ਟੁੱਟ ਜਾਂਦੀ ਹੈ। ਜੇ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਆਉਂਦੀ ਵੀ ਹੈ ਤਾਂ ਉਹ ਬਹੁਤ ਘੱਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸਰਕਾਰੀ ਸਕੂਲ, ਬੱਚਿਆਂ ਦੇ ਖੇਡਣ ਲਈ ਮੈਦਾਨ, ਡਿਸਪੈਂਸਰੀ ਆਦਿ ਦੀ ਸਹੂਲਤ ਮੌਜੂਦ ਹੈ। ਮੁੱਖ ਸਮੱਸਿਆ ਪੀਣ ਵਾਲੇ ਪਾਣੀ ਅਤੇ ਪੱਕੀਆਂ ਗਲੀਆਂ-ਨਾਲੀਆਂ ਦੀ ਹੈ।

ਪਿੰਡ ਦੇ ਵਸਨੀਕ ਰਾਮ ਸਿੰਘ ਰਾਣਾ ਨੇ ਦੱਸਿਆ ਕਿ ਦੇਸ਼ ਆਜ਼ਾਦ ਹੋਏ ਨੂੰ 72 ਸਾਲ ਹੋ ਚੁੱਕੇ ਹਨ, ਪਰ ਸਾਡੇ ਪਿੰਡ ਦੀ ਮੁੱਖ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ। ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਲੀਡਰ ਆਉਂਦੇ ਹਨ, ਵਾਅਦੇ ਕਰਦੇ ਹਨ, ਵੋਟਾਂ ਮੰਗਦੇ ਹਨ ਅਤੇ ਚੋਣਾਂ ਮਗਰੋਂ 5 ਸਾਲ ਤਕ ਕੋਈ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਇਕ ਵਾਰ ਪੱਕਾ ਨਾਲਾ ਬਣਾਉਣ ਲਈ ਨਿਸ਼ਾਨਦੇਹੀ ਕੀਤੀ ਗਈ ਸੀ।

ਇਸ ਦੇ ਲਈ ਉਦੋਂ ਦੇ ਸਰਪੰਚ ਕੋਲ ਮਨਰੇਗਾ ਤਹਿਤ ਗ੍ਰਾਂਟ ਵੀ ਆਈ ਸੀ, ਪਰ ਉਸ ਨੇ ਇਕ ਵੀ ਪੈਸਾ ਇਸ ਕੰਮ 'ਤੇ ਨਾ ਲਗਾਇਆ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਲਈ ਜਿੱਥੇ ਪੀਣ ਵਾਲੇ ਪਾਣੀ ਦੀ ਟੈਂਕੀ ਬਣੀ ਹੈ, ਉਸ ਦੇ ਨੇੜੇ ਹੀ ਇਕ ਵਿਅਕਤੀ ਨੇ ਸੂਰ ਫਾਰਮ ਖੋਲ੍ਹਿਆ ਹੋਇਆ ਹੈ, ਜਿਸ ਕਾਰਨ ਉਸ ਥਾਂ 'ਤੇ ਹਮੇਸ਼ਾ ਬਦਬੂ ਫੈਲੀ ਰਹਿੰਦੀ ਹੈ। ਹਰ ਮਹੀਨੇ ਇਸ ਫਾਰਮ ਦੇ ਨੇੜੇ ਪਾਈਪ ਲੀਕ ਹੋ ਜਾਂਦੀ ਹੈ, ਜਿਸ ਕਾਰਨ ਗੰਦਲਾ ਪਾਣੀ ਲੋਕਾਂ ਦੇ ਘਰਾਂ ਤਕ ਆ ਜਾਂਦਾ ਹੈ। ਇਸੇ ਪਾਣੀ ਨੂੰ ਪੀ ਕੇ ਲੋਕ ਬੀਮਾਰ ਹੋ ਜਾਂਦੇ ਹਨ। 

ਰਾਮ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ 'ਚ ਬਣੇ ਟੋਭੇ ਨੇੜੇ ਨਾਜਾਇਜ਼ ਤਰੀਕੇ ਨਾਲ ਰਿਹਾਇਸ਼ੀ ਮਕਾਨ ਬਣਾ ਲਏ ਗਏ ਹਨ। ਇਨ੍ਹਾਂ ਨੂੰ ਇਕ ਵਾਰ ਵੀ ਪਿੰਡ ਦੇ ਸਰਪੰਚ ਨੇ ਨਹੀਂ ਰੋਕਿਆ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਪਿੰਡ ਦੀ ਫਿਰਨੀ ਨੂੰ ਪੱਕਾ ਬਣਾਉਣ ਦਾ ਕੰਮ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਕਿੰਨੀਆਂ ਹੀ ਸਰਕਾਰਾਂ ਬਦਲ ਗਈਆਂ ਪਰ ਕਿਸੇ ਨੇ ਵੀ ਮੁੜ ਫਿਰਨੀ ਨੂੰ ਬਣਾਉਣ ਦਾ ਕੰਮ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਇਥੋਂ ਸੰਸਦ ਮੈਂਬਰ ਬਣੇ ਸਨ, ਉਦੋਂ ਉਨ੍ਹਾਂ ਤੋਂ ਪਿੰਡ ਦੇ ਵਿਕਾਸ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਕੁਝ ਨਹੀਂ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਝੰਜੇੜੀ ਪਿੰਡ ਨੂੰ ਗੋਦ ਲੈ ਲੈਣ ਪਰ ਉਨ੍ਹਾਂ ਨੇ ਸਾਡੀ ਮੰਗ ਵੱਲ ਧਿਆਨ ਨਾ ਦੇ ਕੇ ਪਿੰਡ ਦਾਊਂ ਨੂੰ ਗੋਦ ਲੈ ਲਿਆ, ਜਿਹੜਾ ਪਹਿਲਾਂ ਹੀ ਕਮੇਟੀ ਅਧੀਨ ਆਉਂਦਾ ਹੈ।

ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਪਿੰਡ ਅੰਦਰ ਬਿਜਲੀ ਦੀਆਂ ਨੰਗੀਆਂ ਤਾਰਾਂ ਲਮਕਦੀਆਂ ਰਹਿੰਦੀਆਂ ਹਨ, ਜਿਸ ਕਾਰਨ ਹਮੇਸ਼ਾ ਕਿਸੇ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਗਲੀਆਂ 'ਚ ਲੱਗੇ ਖੰਭਿਆਂ 'ਤੇ ਕਈ ਤਾਰਾਂ ਦੇ ਨੰਗੇ ਜੋੜ ਕਾਫ਼ੀ ਹੇਠਾਂ ਤਕ ਲੱਗੇ ਹੋਏ ਹਨ, ਜਿਨ੍ਹਾਂ 'ਤੇ ਕਿਸੇ ਦਾ ਵੀ ਗ਼ਲਤੀ ਨਾਲ ਹੱਥ ਲੱਗ ਸਕਦਾ ਹੈ। ਮੀਂਹ ਦੇ ਦਿਨਾਂ 'ਚ ਜਦੋਂ ਗਲੀਆਂ 'ਚ ਪਾਣੀ ਖੜਾ ਹੋ ਜਾਂਦਾ ਹੈ ਤਾਂ ਇਥੋਂ ਲੰਘਣ 'ਚ ਵੀ ਡਰ ਲੱਗਦਾ ਹੈ। ਬੱਚਿਆਂ ਨੂੰ ਸਕੂਲ ਜਾਣ ਵੇਲੇ ਇਕੱਲਾ ਨਹੀਂ ਜਾਣ ਦਿੱਤਾ ਜਾਂਦਾ।

ਇਸ ਤੋਂ ਇਲਾਵਾ ਪਿੰਡ 'ਚ ਆ ਰਿਹਾ ਪੀਣ ਵਾਲਾ ਪਾਣੀ ਕਾਫ਼ੀ ਹਾਨੀਕਾਰਕ ਹੈ। ਕੁਝ ਮਹੀਨੇ ਪਹਿਲਾਂ ਕੋਈ ਸਰਕਾਰੀ ਸੰਸਥਾ ਆਈ ਸੀ, ਜਿਸ ਨੇ ਪਾਣੀ ਦੀ ਜਾਂਚ ਕੀਤੀ ਅਤੇ ਦੱਸਿਆ ਸੀ ਕਿ ਇਹ ਪਾਣੀ ਲੋਕਾਂ ਲਈ ਬਹੁਤ ਖ਼ਤਰਨਾਕ ਹੈ ਅਤੇ ਬੀਮਾਰ ਬਣਾ ਰਿਹਾ ਹੈ। ਪਿੰਡ ਦੇ ਛੱਪੜ ਦਾ ਵੀ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ। ਪਹਿਲਾਂ ਲੋਕ ਇਨ੍ਹਾਂ ਝੱਪੜਾਂ 'ਚ ਆਪਣੇ ਪਸ਼ੂ-ਡੰਗਰਾਂ ਨੂੰ ਨੁਹਾਉਂਦੇ ਸਨ ਪਰ ਹੁਣ ਇਸ ਕੋਲੋਂ ਲੰਘਣ ਸਮੇਂ ਨੱਕ ਢੱਕ ਕੇ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਛੱਪੜ ਨੇੜੇ ਮੱਛਰਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਪਿਛਲੇ ਸਾਲ ਪਿੰਡ 'ਚ ਕਈ ਲੋਕਾਂ ਨੂੰ ਡੇਂਗੂ ਹੋ ਗਿਆ ਸੀ, ਜਿਸ ਦਾ ਵੱਡਾ ਕਾਰਨ ਛੱਪੜ ਦੀ ਸਫ਼ਾਈ ਨਾ ਹੋਣਾ ਹੈ।

ਪਿੰਡ ਦੀ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਗੱਲੀਆਂ ਟੁੱਟੀਆਂ ਪਈਆਂ ਹਨ। ਜ਼ਿਆਦਾ ਮੀਂਹ ਪੈਣ 'ਤੇ ਇਹ ਪਾਣੀ ਘਰਾਂ ਅੰਦਰ ਵੜ ਜਾਂਦਾ ਹੈ, ਜਿਸ ਕਾਰਨ ਕਾਫ਼ੀ ਸਮੱਸਿਆ ਆਉਂਦੀ ਹੈ। ਗਲੀਆਂ 'ਚ ਪਾਣੀ ਖੜਾ ਰਹਿਣ ਕਾਰਨ ਮਕਾਨ ਦੀਆਂ ਨੀਹਾਂ ਕਮਜੋਰ ਹੋ ਰਹੀਆਂ ਹਨ ਅਤੇ ਕੰਧਾਂ 'ਚ ਤਰੇੜਾਂ ਆ ਗਈਆਂ ਹਨ। ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ 'ਤੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਨਸ਼ੇ ਦੀ ਸਮੱਸਿਆ ਘੱਟ ਹੈ ਪਰ ਨੇੜਲੇ ਪਿੰਡਾਂ 'ਚ ਨਸ਼ੇ ਦੀਆਂ ਕਾਫ਼ੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਿੰਡ 'ਚ ਬੱਚਿਆਂ ਲਈ ਖੇਡ ਮੈਦਾਨ ਬਣੇ ਹੋਏ ਹਨ। ਪਿੰਡ 'ਚ ਕੋਈ ਪਾਰਕ ਆਦਿ ਨਹੀਂ ਹੈ, ਜਿਥੇ ਲੋਕ ਕੁਝ ਸਮਾਂ ਬੈਠ ਸਕਣ। ਪਿੰਡ ਦੀ ਫਿਰਨੀ ਦਾ ਕਾਫੀ ਮਾੜਾ ਹਾਲ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਉਹ ਪਿੰਡ ਦੀ ਹਾਲਤ ਵੇਖ ਪੁੱਠੇ ਪੈਰੀਂ ਪਰਤ ਜਾਂਦਾ ਹੈ। ਪਿੰਡ ਦੇ ਬਾਹਰ 2-3 ਵੱਡੇ ਕਾਲਜ ਖੁੱਲ੍ਹ ਗਏ ਹਨ, 4-5 ਪੈਲੇਸ ਬਣੇ ਹੋਏ ਹਨ ਅਤੇ ਚੰਡੀਗੜ੍ਹ ਦੇ ਨੇੜੇ ਵਸੇ ਹੋਣ ਦੇ ਬਾਵਜੂਦ ਸਾਡੇ ਪਿੰਡ ਦੇ ਵਿਕਾਸ ਪੱਖੋਂ ਇੰਨਾ ਪਛੜੇ ਹੋਣ 'ਤੇ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਹੈ।

ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਅੱਜ ਤੋਂ 50 ਸਾਲ ਪਹਿਲਾਂ ਇਸ ਪਿੰਡ ਦੀਆਂ ਗਲੀਆਂ ਬਣਾਈਆਂ ਸਨ। ਉਸ ਤੋਂ ਬਾਅਦ ਕਿਸੇ ਵੀ ਪੰਚ-ਸਰਪੰਚ ਨੇ ਇਸ ਨੂੰ ਪੱਕਾ ਕਰਵਾਉਣ ਦਾ ਕੰਮ ਨਹੀਂ ਕੀਤਾ। ਥੋੜਾ ਜਿਹਾ ਮੀਂਹ ਪੈਣ 'ਤੇ ਗਲੀਆਂ 'ਚ ਪਾਣੀ ਭਰ ਜਾਂਦਾ ਹੈ। ਬੱਚਿਆਂ ਨੂੰ ਇਸ 'ਚੋਂ ਹੀ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਕੋਈ ਬੱਚਿਆਂ ਨੂੰ ਮੋਢੇ 'ਤੇ ਅਤੇ ਕੋਈ ਸਕੂਟਰ-ਮੋਟਰਸਾਈਕਲ 'ਤੇ ਬਿਠਾ ਕੇ ਸਕੂਲ ਪਹੁੰਚਾਉਂਦੇ ਹਨ। ਟੋਭਿਆਂ ਨੂੰ ਭਰ ਕੇ ਮਕਾਨ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਟੋਭਿਆਂ 'ਚ ਹੀ ਘਰਾਂ ਦਾ ਕੂੜਾ ਸੁੱਟਿਆ ਜਾਂਦਾ ਹੈ। ਸਰਪੰਚ ਨੂੰ ਕਈ ਵਾਰੀ ਪੀਣ ਵਾਲੇ ਪਾਣੀ ਦੀ ਟੈਂਕੀ ਨੇੜੇ ਸੂਰ ਫਾਰਮ ਨੂੰ ਬੰਦ ਕਰਵਾਉਣ ਬਾਰੇ ਕਿਹਾ ਹੈ, ਪਰ ਕੋਈ ਫ਼ਾਇਦਾ ਨਹੀਂ ਹੋਇਆ।

ਪਿੰਡ ਦੇ ਇਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੇ ਬਚਪਨ 'ਚ ਪਿੰਡ ਵਿਚ ਬਣੇ ਇਸ ਟੋਭੇ 'ਚ ਨਹਾਉਂਦੇ ਹੁੰਦੇ ਸਨ। ਅੱਜ ਇਸ ਟੋਭੇ ਵੱਲ ਵੇਖ ਕੇ ਤਰਸ ਆਉਂਦਾ ਹੈ। ਕਿੰਨੇ ਹੀ ਸਾਲ ਹੋ ਚੁੱਕੇ ਹਨ ਇਸ ਦੀ ਸਫ਼ਾਈ ਹੋਏ ਨੂੰ। ਗੰਦਾ ਪਾਣੀ, ਕੂੜਾ, ਗੰਦਗੀ ਆਦਿ ਸੁੱਟਣ ਕਾਰਨ ਟੋਭੇ ਦੀ ਸ਼ਕਲ ਵਿਗੜ ਗਈ ਹੈ। ਮੀਂਹ ਪੈਣ 'ਤੇ ਜਦੋਂ ਟੋਭਾ ਭਰ ਜਾਂਦਾ ਹੈ ਤਾਂ ਇਸ ਦਾ ਪਾਣੀ ਪਿੰਡ ਅੰਦਰ ਤਕ ਆ ਜਾਂਦਾ ਹੈ। ਸਰਪੰਚ ਨੂੰ ਕਈ ਵਾਰ ਟੋਭੇ ਦੀ ਸਫ਼ਾਈ ਲਈ ਕਿਹਾ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋਈ।