ਰਾਣਾ ਸੋਢੀ ਵਲੋਂ ਪਰਵਾਸੀ ਨੌਜਵਾਨਾਂ ਨੂੰ ਅਪਣੀ ਜੜ੍ਹਾਂ ਨਾਲ ਜੁੜਨ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਾਨਾਸੀ ਵਿਖੇ ਅੱਜ ਸ਼ੁਰੂ ਹੋਏ ਤਿੰਨ ਰੋਜ਼ਾ 'ਯੁਵਕ ਪਰਵਾਸੀ ਭਾਰਤੀ ਦਿਵਸ' ਸਮਾਗਮ ਵਿਚ ਪੰਜਾਬ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ...

Rana Sodhi exhorts NRI youth to connect with their roots

ਚੰਡੀਗੜ੍ਹ : ਵਾਰਾਨਾਸੀ ਵਿਖੇ ਅੱਜ ਸ਼ੁਰੂ ਹੋਏ ਤਿੰਨ ਰੋਜ਼ਾ 'ਯੁਵਕ ਪਰਵਾਸੀ ਭਾਰਤੀ ਦਿਵਸ' ਸਮਾਗਮ ਵਿਚ ਪੰਜਾਬ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਪੰਜਾਬ ਦਾ ਉਚ ਪੱਧਰੀ ਵਫਦ ਸ਼ਾਮਲ ਹੋਇਆ ਜਿੱਥੇ ਉਨ੍ਹਾਂ ਵਿਦੇਸ਼ਾਂ ਵਿਚ ਰਹਿੰਦੇ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਆ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਸੱਦਾ ਦਿਤਾ। ਰਾਣਾ ਸੋਢੀ ਨੇ ਸੂਮਹ ਪਰਵਾਸੀ ਭਾਰਤੀਆਂ ਨੂੰ ਪੰਜਾਬ ਸਰਕਾਰ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਵਿਚ ਵੀ ਸ਼ਿਰਕਤ ਕਰਨ ਦਾ ਨਿੱਘਾ ਸੱਦਾ ਦਿਤਾ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਪਰਵਾਸੀ ਪੰਜਾਬੀ ਅਪਣੇ ਬੱਚੇ ਅਪਣੀ ਮਾਤ ਭੂਮੀ ਨਾਲ ਜੋੜਨਾ ਚਾਹੁੰਦੇ ਸਨ ਜਿਸ ਲਈ ਹੁਣ ਵਿਦੇਸ਼ਾਂ ਵਿਚ ਬੈਠਾ ਕੋਈ ਵੀ 16 ਤੋਂ 22 ਸਾਲ ਤੱਕ ਦਾ ਬੱਚਾ ਜੋ ਹੁਣ ਤੱਕ ਪੰਜਾਬ ਨਹੀਂ ਆਇਆ, ਆਨਲਾਈਨ ਅਪਲਾਈ ਕਰ ਸਕਦਾ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਬੱਚਿਆਂ ਦੇ ਪੰਜਾਬ ਆਉਣ ਦਾ ਸਾਰਾ ਖ਼ਰਚਾ ਚੁੱਕਿਆ ਜਾਵੇਗਾ ਅਤੇ ਪੰਜਾਬ ਵਿਚ ਮੌਜੂਦ ਧਾਰਮਿਕ, ਇਤਿਹਾਸਕ ਅਤੇ ਸੈਲਾਨੀ ਥਾਵਾਂ ਦੇ ਦਰਸ਼ਨ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਸਾਰੂ ਮਾਹੌਲ ਸਿਰਜਿਆ ਗਿਆ ਹੈ ਜਿੱਥੇ ਧਾਰਮਿਕ, ਇਤਿਹਾਸਕ ਤੇ ਸੈਲਾਨੀ ਥਾਵਾਂ ਦੀ ਦਿੱਖ ਬਦਲੀ ਗਈ ਹੈ ਤਾਂ ਜੋ ਕਿਸੇ ਵੀ ਸ਼ਰਧਾਲੂ ਤੇ ਸੈਲਾਨੀ ਨੂੰ ਕੋਈ ਦਿੱਕਤ ਨਾ ਆਵੇ। ਖੇਡ ਮੰਤਰੀ ਨੇ ਸੂਮਹ ਪਰਵਾਸੀ ਭਾਰਤੀਆਂ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮਾਂ ਵਿਚ ਸ਼ਿਰਕਤ ਕਰਨ ਦਾ ਵੀ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ 550ਵੇਂ ਗੁਰਪੁਰਬ ਸਬੰਧੀ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਸਮਾਗਮ ਸਾਲ ਭਰ ਚੱਲਣਗੇ ਅਤੇ ਵਿਦੇਸ਼ਾਂ ਵਿਚ ਬੈਠੇ ਭਾਰਤੀ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਉਚੇਚੇ ਤੌਰ 'ਤੇ ਦੇਸ਼ ਵਿਚ ਆਉਣ। ਵਾਰਾਨਾਸੀ ਵਿਖੇ ਸ਼ੁਰੂ ਹੋਏ ਸਮਾਗਮ ਵਿਚ ਅੱਜ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ, ਕੇਂਦਰੀ ਖੇਡ ਮੰਤਰੀ ਸ੍ਰੀ ਰਾਜਯਾਵਰਧਨ ਸਿੰਘ ਰਾਠੌਰ, ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ (ਸੇਵਾ ਮੁਕਤ) ਵੀ.ਕੇ.ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਸ਼ਿਰਕਤ ਕੀਤੀ।

ਭਲਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਮਲੇਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸੰਮੇਲਨ ਵਿਚ ਰਾਣਾ ਸੋਢੀ ਦੀ ਅਗਵਾਈ ਹੇਠ ਸ਼ਿਰਕਤ ਕਰ ਰਹੇ ਪੰਜਾਬ ਦੇ ਵਫ਼ਦ ਵਿਚ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ, ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਤੇ ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਵੀ ਸ਼ਾਮਲ ਸਨ।

ਇਸ ਮੌਕੇ ਰਾਣਾ ਸੋਢੀ ਨੇ ਸੰਮੇਲਨ ਦੌਰਾਨ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਪੀ.ਐਸ.ਆਈ.ਈ.ਸੀ., ਸੈਰ ਸਪਾਟਾ ਵਿਭਾਗ, ਮਾਰਕਫੈਡ, ਪੁੱਡਾ, ਗਮਾਡਾ ਆਦਿ ਵਲੋਂ ਲਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਪੰਜਾਬ ਦੇ ਪੂਰੇ ਵਫ਼ਦ ਨਾਲ ਪੂਰੇ ਪ੍ਰਦਰਸ਼ਨੀ ਹਾਲ ਨੂੰ ਵੀ ਵੇਖਿਆ ਅਤੇ ਪਰਵਾਸੀ ਨੌਜਵਾਨਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ।