ਜਾਣੋ ਸਿੱਖਾਂ ਦੀ ਸ਼ਾਨ ਵਿਚ ਕੀ ਕਿਹਾ ਕਪਿਲ ਦੇਵ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਪਿਲ ਦੇਵ ਨੇ ਸਿੱਖਾਂ ਦੇ ਨਾਮ ਕੀਤੀ ਅਪਣੀ ਕਿਤਾਬ

Kapil Dev

ਨਵੀਂ ਦਿੱਲੀ: ਬੀਤੇ ਦਿਨੀਂ ਸਾਬਕਾ ਭਾਰਤੀ ਕ੍ਰਿਕੇਟਰ ਕਪਿਲ ਦੇਵ ਨੇ ਅਮਰੀਕਾ ਵਿਖੇ ਅਪਣੀ ਕਿਤਾਬ 'we the sikhs' ਲਾਂਚ ਕੀਤੀ। ਕਪਿਲ ਦੇਵ ਨੇ ਅਮਰੀਕਾ ਦੇ ਸੈਨ ਜੋਸ ਗੁਰਦੁਆਰਾ ਸਾਹਿਬ ਵਿਚ ਆਪਣੀ ਕਿਤਾਬ ਲੌਂਚ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਿੱਖਾਂ 'ਤੇ ਮਾਨ ਹੈ। ਕਪਿਲ ਦੇਵ ਦਾ ਕਹਿਣਾ ਸੀ ਕਿ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਦਿਤੀਆਂ ਹਨ। ਪੂਰੀ ਦੁਨੀਆ ਵਿਚ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪੂਰੀ ਦੁਨੀਆ ਦੇ ਲੋਕਾਂ ਨੇ ਜੇ ਕੁਝ ਸਿੱਖਣਾ ਹੈ ਤਾਂ ਸਿੱਖ ਧਰਮ ਵਧੀਆ ਮਿਸਾਲ ਹੈ।

ਦੱਸ ਦੇਈਏ ਕਿ ਕਪਿਲ ਦੇਵ ਨੇ ਭਾਰਤ ਵਿਚ ਇਹ ਕਿਤਾਬ ਕੁਝ ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਲੌਂਚ ਕੀਤੀ ਸੀ। ਇਸ ਕਿਤਾਬ ਵਿਚ ਦੁਨੀਆ ਭਰ ਦੇ 100 ਗੁਰਦੁਆਰਿਆਂ ਦੀਆਂ ਅਸਲ ਪੇਂਟਿੰਗਜ਼ ਤੇ ਫੀਚਰਡ ਫੋਟੋਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਹਿਲਾਂ ਕਦੀ ਨਹੀਂ ਦੇਖੀਆਂ ਗਈਆਂ। ਇਸ ਕਿਤਾਬ ਨੂੰ ਗੁਰੂ ਇਤਿਹਾਸ, ਕਲਾਕ੍ਰਿਤੀਆਂ ਤੇ ਗੁਰਦੁਆਰੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

ਅਮਰੀਕਾ ਵਿਚ ਕਿਤਾਬ ਲਾਂਚ ਕਰਦਿਆਂ ਕਪਿਲ ਨੇ ਅਪਣੇ ਅਨੁਭਵ ਬਾਰੇ ਦੱਸਿਆ ਕਿ ਇਹ ਬੇਹੱਦ ਅਦਭੁਤ ਸੀ। ਉਹ ਲੋਕ ਜੋ 30-40 ਸਾਲ ਪਹਿਲਾਂ ਦੇਸ਼ ਛੱਡ ਕੇ ਇੱਥੇ ਆ ਗਏ, ਉਹ ਪਹਿਲਾਂ ਤੋਂ ਵੀ ਵੱਧ ਵਾਹਿਗੁਰੂ ਦੇ ਕਰੀਬ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ਾਨਦਾਰ ਲੋਕ ਹਨ। ਸਿੱਖਾਂ ਕੋਲ ਇੰਨਾ ਜਨੂੰਨ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ।