ਪਾਣੀ ਦੀ ਬਰਬਾਦੀ ਕਾਰਨ ਪੰਜ ਸਾਲ ਵਿਚ 8 ਫੁੱਟ ਡਿੱਗਿਆ ਜਲ ਪੱਧਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ 7 ਤੋਂ 8 ਫੁੱਟ ਦੀ ਗਿਰਾਵਟ ਆਈ ਹੈ।

Water level falls 8 feet in five years due to water scarcity

ਪਠਾਨਕੋਟ: ਪਾਣੀ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਲੋੜ ਹੈ। ਇਸ ਦੀ ਵਰਤੋਂ ਹਰ ਰੋਜ਼ ਕੀਤੀ ਜਾਂਦੀ ਹੈ। ਪਾਣੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਭਵਿੱਖ ਵਿਚ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚ ਪਾਣੀ ਦੇ ਪਾਇਪ ਲੀਕ ਹੋਣ ਕਰਕੇ ਰੋਜ਼ ਸੈਂਕੜੇ ਲੀਟਰ ਪਾਣੀ ਗਲੀਆਂ ਅਤੇ ਨਾਲੀਆਂ ਵਿਚ ਬੇਕਾਰ ਵਹਿੰਦਾ ਹੈ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਇਸ ਵੱਲ ਗੰਭੀਰਤਾ ਨਹੀਂ ਦਿਖਾ ਰਿਹਾ। ਅਜਿਹੇ ਵਿਚ ਪਾਣੀ ਦਾ ਪੱਧਰ ਹਰ ਰੋਜ਼ ਥੱਲੇ ਡਿਗਦਾ ਜਾ ਰਿਹਾ ਹੈ।

ਪਿਛਲੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ 7 ਤੋਂ 8 ਫੁੱਟ ਦੀ ਗਿਰਾਵਟ ਆਈ ਹੈ। ਇਸ ਸਮੇਂ ਲੋਕਾਂ ਨੂੰ 100 ਤੋਂ 150 ਫੁੱਟ ਦੀ ਗਿਹਰਾਈ ਤੋਂ ਪਾਣੀ ਉਪਲੱਬਧ ਹੋ ਰਿਹਾ ਹੈ ਜੋ ਕਿ ਭਵਿੱਖ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਅਜਿਹੇ ਵਿਚ ਲੋਕ ਪਾਣੀ ਪ੍ਰਤੀ ਜਾਗਰੂਕ ਨਾ ਹੋਏ ਤਾਂ ਭਵਿੱਖ ਵਿਚ ਇਸ ਦੀ ਤਸਵੀਰ ਹੋਰ ਹੀ ਹੋਵੇਗੀ। ਪਾਣੀ ਦੀ ਬਰਬਾਦੀ ਕਾਰਨ ਕਈ ਪੁਰਾਣੇ ਟਿਊਬਵੈਲ ਸੁੱਕਦੇ ਜਾ ਰਹੇ ਹਨ।

ਨਗਰ ਨਿਗਮ ਨੇ ਏਐਸਡੀਐਮ ਕੋਰਟ ਅਤੇ ਥਾਣਾ ਡਿਵੀਜ਼ਨ ਨੰਬਰ-1 ਸਥਿਤ ਨੇ ਪੁਰਾਣੇ ਟਿਊਬਵੈਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬੀਤੇ ਚਾਰ ਮਹੀਨਿਆਂ ਤੋਂ ਨਗਰ ਨਿਗਮ ਨੇ ਓਂਕਾਰ ਨਗਰ, ਇੰਦਰਾ ਕਲੋਨੀ, ਨੱਥੂ ਨਗਰ, ਲਾੜੋ ਚੱਕ, ਨਗਰ ਨਿਗਮ ਕਲੋਨੀ, ਰੇਹੜੀ ਮਾਰਕਿਟ, ਭਦਰੋਆ ਰੋਡ, ਹਨੂੰਮਾਨ ਮੰਦਿਰ ਕੋਲ ਨਵੇਂ ਟਿਊਬਵੈਲ ਸ਼ੁਰੂ ਕੀਤੇ ਹਨ।

ਨਰਿੰਦਰ ਅਰੋੜਾ ਦਾ ਕਹਿਣਾ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਘਟਣਾ ਭਵਿੱਖ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਜੇਕਰ ਹੁਣ ਤੋਂ ਹੀ ਪਾਣੀ ਦੀ ਬਰਬਾਦੀ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਇਹ ਵੱਡੀ ਸਮੱਸਿਆ ਬਣ ਸਕਦੀ ਹੈ। ਇਸ ਲਈ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹੋਰਾਂ ਨੂੰ ਇਸ ਪ੍ਰਤੀ ਜਾਗਰੂਕ ਕਰੀਏ। ਰਾਕੇਸ਼ ਖੰਨਾ ਦਾ ਕਹਿਣਾ ਹੈ ਕਿ ਜਲ ਪੱਧਰ ਲਗਾਤਾ ਡਿੱਗਦਾ ਜਾ ਰਿਹਾ ਹੈ।

ਇਸ ਨੂੰ ਰੋਕਣ ਲਈ ਪਾਣੀ ਦੀ ਬਰਬਾਦੀ ਬੰਦ ਕਰਨੀ ਹੋਵੇਗੀ। ਜੇ ਹੁਣ ਤੋਂ ਹੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਾਂਗੇ। ਸਾਹਿਲ ਸ਼ਰਮਾ ਦਾ ਕਹਿਣਾ ਹੈ ਕਿ ਸਾਨੂੰ ਅਪਣੇ ਘਰ ਵਿਚ ਲਗਾਏ ਆਰਓ ਦੇ ਫਾਲਤੂ ਪਾਣੀ ਅਤੇ ਬਾਰਿਸ਼ ਦੇ ਪਾਣੀ ਨੂੰ ਸਟੋਰ ਕਰਨਾ ਚਾਹੀਦਾ ਹੈ ਤਾਂ ਕਿ ਇਸ ਦਾ ਇਸਤੇਮਾਲ ਦੁਬਾਰਾ ਕੀਤਾ ਜਾਵੇ। ਸਟੋਰ ਕੀਤੇ ਪਾਣੀ ਦਾ ਇਸਤੇਮਾਲ ਅਸੀਂ ਦਰੱਖ਼ਤ ਅਤੇ ਪੌਦਿਆਂ ਦੀ ਸਿੰਚਾਈ ਲਈ ਕਰ ਸਕਦੇ ਹਾਂ।