ਰਾਤ ਦੇ ਕਰਫਿਊ ਕਾਰਨ ਸਬਜ਼ੀ ਦਾ ਕਾਰਬਾਰ ਮੂਧੇ ਮੂੰਹ ਡਿੱਗਿਆ, 50 ਫੀਸਦੀ ਤਕ ਆਈ ਗਿਰਾਵਟ

ਏਜੰਸੀ

ਖ਼ਬਰਾਂ, ਪੰਜਾਬ

ਪਰਵਾਸੀ ਮਜ਼ਦੂਰਾਂ ਦੇ ਪਿਤਰੀ ਰਾਜਾਂ ਵੱਲ ਜਾਣ ਦਾ ਮੰਡੀ ਕਾਰੋਬਾਰ ‘ਤੇ ਪੈ ਰਿਹਾ ਅਸਰ

Market

ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਵਧਣ ਤੋਂ ਬਾਅਦ ਜਾਰੀ ਰਾਤ ਦੇ ਕਰਫਿਊ ਦਾ ਅਸਰ ਸਬਜ਼ੀ ਅਤੇ ਫਲਾਂ ਦੇ ਕਾਰੋਬਾਰ ਵਿਚ ਲੱਗੇ ਵਪਾਰੀਆਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹੋਲਸੇਲ ਸਬਜ਼ੀ ਮੰਡੀ ਵਿਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਬਜ਼ਾਰ 50 ਫੀਸਦੀ ਤਕ ਥੱਲੇ ਡਿੱਗ ਚੁੱਕਾ ਹੈ। ਆੜ੍ਹਤੀਆਂ ਮੁਤਾਬਕ ਮੰਡੀਆਂ ਵਿਚ ਮਾਲ ਦੇ ਖਰੀਦਦਾਰਾਂ ਵਿਚ ਭਾਰੀ ਕਮੀ ਆ ਗਈ ਹੈ।

ਇਸ ਕਾਰਨ ਜ਼ਿਆਦਾਤਰ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ। ਇਸ ਦਾ ਅਸਰ ਆੜ੍ਹਤੀਆਂ ਦੀ ਆਮਦਨ ’ਤੇ ਪੈਣ ਦੇ ਨਾਲ ਨਾਲ ਫਲਾਂ ਅਤੇ ਸਬਜ਼ੀਆਂ ਦੀ ਖਰੀਦੋ-ਫਰੋਖਤ ਨਾਲ ਸਬੰਧਤ ਬਾਜ਼ਾਰਾਂ ਤੇ ਵੀ ਮੰਦੀ ਦੇ ਬੱਦਲ ਛਾ ਗਏ ਹਨ।  

ਸਬਜ਼ੀ ਮੰਡੀ ਦੇ ਕਾਰੋਬਾਰੀਆਂ ਮੁਤਾਬਕ ਪਹਿਲਾਂ ਤਾਂ ਨਰਾਤਿਆਂ ਕਾਰਨ ਮੰਡੀ ਵਿਚ ਪਿਆਜ ਦੀ ਫਸਲ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਅਤੇ ਹੁਣ ਸਰਕਾਰ ਵਲੋਂ ਰਾਤ 8 ਵਜੇ ਤੋਂ ਬਾਅਦ ਲਗਾਏ ਜਾਣ ਵਾਲੇ ਨਾਈਟ ਕਰਫਿਊ ਨੇ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਕਾਰੋਬਾਰੀਆਂ ਮੁਤਾਬਕ ਰਾਤ 8 ਵਜੇ ਤੋਂ ਬਾਅਦ ਸ਼ਹਿਰ ਦੇ ਸਾਰੇ ਹੋਟਲ, ਰੈਸਟੋਰੈਂਟ, ਢਾਬੇ ਇੱਥੋਂ ਤਕ ਕਿ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਆਦਿ ਪੁਲਿਸ ਬੰਦ ਕਰਵਾ ਦਿੰਦੀ ਹੈ, ਜਦੋਂਕਿ ਸ਼ਹਿਰ ਦੇ ਲਗਭਗ ਸਾਰੇ ਇਲਾਕਿਆਂ ਵਿਚ ਗਾਹਕ ਹੀ ਰਾਤ 8 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਚਾਹੇ ਉਹ ਖਾਣ-ਪੀਣ ਲਈ ਨਿਕਲੇ ਜਾਂ ਖਰੀਦਦਾਰੀ ਲਈ।

ਦੂਜੇ ਪਾਸੇ ਸਬਜ਼ੀ ਮੰਡੀਆਂ ਵਿਚੋਂ ਖਰੀਦ ਕੇ ਵੇਚਣ ਦਾ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਦੇ ਲੌਕਡਾਊਣ ਦੇ ਡਰੋਂ ਆਪਣੇ ਪਿਤਰੀ ਰਾਜਾਂ ਵੱਲ ਜਾਣ ਦਾ ਅਸਰ ਵੀ ਮੰਡੀ ਦੇ ਕਾਰੋਬਾਰ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦਾ ਅਸਰ ਸਬਜ਼ੀ ਦੀ ਪੈਦਾਵਾਰ ਵਿਚ ਲੱਗੇ ਕਿਸਾਨਾਂ ਉਤੇ ਵੀ ਪੈਣ ਲੱਗਾ ਹੈ। ਸਬਜ਼ੀਆਂ ਦੇ ਭਾਅ ਡਿੱਗਣ ਕਾਰਨ ਜਿੱਥੇ ਕਿਸਾਨਾਂ ਨੂੰ ਵਿੱਤੀ ਘਾਟਾ ਪੈ ਰਿਹਾ ਹੈ,ਉਥੇ ਹੀ ਪਰਵਾਸੀ ਕਾਮਿਆਂ ਦੇ ਨਾ ਮਿਲਣ ਕਾਰਨ ਸਬਜ਼ੀਆਂ ਦੀ ਤੋੜ-ਤੁੜਾਈ ਅਤੇ ਲਦਾਈ-ਲੁਹਾਈ ਦੇ ਕੰਮ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਪਿਤਰੀ ਸੂਬਿਆਂ ਵੱਲ ਕੂਚ ਕਾਰਨ ਗਲੀ-ਮੁਹੱਲਿਆਂ ਵਿਚ ਫਲ-ਸਬਜੀਆਂ ਵੇਚਣ ਵਾਲੇ ਕੰਮ ਤੇ ਵੀ ਅਸਰ ਪਿਆ ਹੈ। ਇਸ ਨਾਲ ਮੰਡੀ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ ਅਤੇ ਆੜ੍ਹਤੀਆਂ ਦੀਆਂ ਪੇਮੇਂਟਾਂ ਫਸਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਹੈ, ਕਿਉਂਕਿ ਬਾਜ਼ਾਰ ਵਿਚ ਕਾਫੀ ਸਾਰਾ ਲੈਣ-ਦੇਣ ਉਧਾਰ ਵੀ ਚੱਲਦਾ ਹੈ।