ਚੰਡੀਗੜ੍ਹ ਵਿਚੋਂ ਪੰਜਾਬੀਅਤ ਨੂੰ ਸਾਜ਼ਸ਼ ਤਹਿਤ ਖ਼ਤਮ ਕਰ ਰਹੀ ਹੈ ਕੇਂਦਰ: ਬਲਵੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪਸ਼ੂ ਪਾਲਣ ਅਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਗਏ ਚੰਡੀਗੜ੍ਹ ਸ਼ਹਿਰ............

Balbir Singh Sidhu

ਐਸ.ਐਸ.ਏ. ਨਗਰ : ਪੰਜਾਬ ਦੇ ਪਸ਼ੂ ਪਾਲਣ ਅਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਗਏ ਚੰਡੀਗੜ੍ਹ ਸ਼ਹਿਰ ਵਿਚੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੰਘ ਪਰਵਾਰ ਵਲੋਂ ਤਿਆਰ ਕੀਤੇ ਗਏ ਉਸ 'ਗੁਪਤ ਮਨਸੂਬੇ' ਨੂੰ ਲਾਗੂ ਕਰ ਰਹੀ ਜਿਸ ਤਹਿਤ ਵੱਖ ਵੱਖ ਖੇਤਰੀ ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਗਲਾ ਘੋਟ ਕੇ ਪੂਰੇ ਮੁਲਕ ਦੇ ਲੋਕਾਂ ਉੱਤੇ ਇੱਕੋ ਬੋਲੀ ਤੇ ਸਭਿਆਚਾਰ ਠੋਸਣਾ ਚਾਹੁੰਦੀ ਹੈ।

ਸਿੱਧੂ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਚੰਡੀਗੜ੍ਹ ਵਿਚ ਕੇਂਦਰੀ ਸ਼ਾਸ਼ਤ ਪ੍ਰਦੇਸ਼ ਕੇਡਰ ਦੇ ਅਧਿਕਾਰੀਆਂ ਦੀ ਨਿਯੁਕਤੀ ਕਰ ਕੇ ਪੰਜਾਬੀ ਸੂਬਾ ਬਣਨ ਸਮੇਂ ਹੋਏ ਸਮਝੌਤੇ ਦੀ ਸ਼ਰੇਆਮ ਉਲੰਘਣਾ ਕਰ ਰਹੀ ਹੈ ਜਿਸ ਤਹਿਤ ਇਥੇ ਪੰਜਾਬ ਤੇ ਹਰਿਆਣਾ ਵਿਚੋਂ ਕ੍ਰਮਵਾਰ 60:40 ਦੇ ਅਨੁਪਾਤ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਸੀ। ਪਰ ਕੇਂਦਰ ਸਰਕਾਰ ਨੇ ਹੋਰਨਾਂ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੀ ਤਰਜ ਉੱਤੇ ਚੰਡੀਗੜ੍ਹ ਵਿਚ ਵੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਕੇਡਰ ਦੇ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿਤਾ ਹੈ ਜਦੋਂ ਕਿ ਇਸ ਸ਼ਹਿਰ ਦਾ ਮਾਮਲਾ ਇਹਨਾਂ ਤੋਂ ਬਿਲਕੁਲ ਹੀ ਵੱਖਰਾ ਹੈ।

ਉਹਨਾਂ ਕਿਹਾ ਕਿ ਇਸ ਪਿੱਛੇ ਅਸਲ ਮਨਸੂਬਾ ਇਸ ਸ਼ਹਿਰ ਦੇ ਪੰਜਾਬੀ ਖਾਸੇ ਨੂੰ ਖਤਮ ਕਰਨਾ ਹੈ ਤਾਂ ਕਿ ਪੰਜਾਬ ਦਾ ਇਸ ਸ਼ਹਿਰ ਉੱਤੇ ਦਾਅਵਾ ਹੀ ਨਾ ਰਹੇ।
ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਵਸਾਏ ਗਏ ਸ਼ਹਿਰ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਬਣਾਉਣ ਦਾ ਫੈਸਲਾ ਇਥੋਂ ਦੇ ਲੋਕਾਂ ਨਾਲ ਧੋਖਾ ਹੈ ਜਿਸ ਨਾਲ ਪੰਜਾਬੀਆਂ ਦੇ ਮਨਾਂ ਵਿਚ ਸਖ਼ਤ ਰੋਸ ਅਤੇ ਰੋਹ ਹੈ।

ਉਹਨਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਨੂੰ ਤੁਰੰਤ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਵਜੋਂ ਲਾਗੂ ਕਰੇ ਤਾਂ ਕਿ ਪੰਜਾਬੀ ਨੂੰ ਇਸ ਦਾ ਬਣਦਾ ਸਥਾਨ ਮਿਲ ਸਕੇ। ਸ. ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਕੋਲ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਕੇਂਦਰੀ ਸ਼ਾਸ਼ਤ ਕੇਡਰ ਦੇ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦਾ ਮਾਮਲਾ ਉਠਾਇਆ ਹੈ।