ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਬਣਿਆ ਦੂਸ਼ਣਬਾਜ਼ੀ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਅੱਜ ਇੱਥੋਂ ਦੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ...............

Akali leadership sits on stage

ਸੰਗਰੂਰ/ਲੌਂਗੋਵਾਲ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਅੱਜ ਇੱਥੋਂ ਦੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਮਨਾਈ ਗਈ। ਇਹ ਇਕੱਠ ਦੂਸ਼ਣਬਾਜ਼ੀ ਸਮਾਗਮ ਹੋ ਨਿਬੜਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਰਾਜ ਪੱਧਰੀ ਬਰਸੀ ਸਮਾਗਮ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਕਾਰਨ ਸੋਗ ਹਫਤੇ ਵੱਜੋਂ ਰੱਦ ਕਰ ਦਿੱਤਾ ਗਿਆ ਸੀ,

ਦੂਜੇ ਪਾਸੇ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਬਰਸੀ ਸਮਾਗਮ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਰਵਾਇਆ ਗਿਆ ਸੀ ਪ੍ਰੰਤੂ ਪੂਰਾ ਬਰਸੀ ਸਮਾਗਮ ਵਿਰੋਧੀ ਪਾਰਟੀਆਂ 'ਤੇ ਦੂਸ਼ਣਬਾਜੀ ਕਰਨ ਤੱਕ ਹੀ ਸੀਮਿਤ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇਕ ਅਜਿਹੇ ਸਖਸ਼ ਸਨ, ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਗੁਰੂ ਘਰ ਬਣਾਏ ਅਤੇ ਸਿੱਖੀ ਦੇ ਪ੍ਰਚਾਰ ਲਈ ਨੌਜਵਾਨਾਂ ਨੂੰ ਗੁਰੂ ਘਰ ਨਾਲ ਜੋੜਨ ਦੇ ਉਪਰਾਲੇ ਕੀਤੇ।

ਐਮਰਜੈਂਸੀ ਵਿਰੁਧ ਮੋਰਚੇ ਦੀ ਅਗਵਾਈ ਕਰਕੇ ਸਫਲਤਾ ਹਾਸਲ ਕੀਤੀ ਜਿਸ ਕਾਰਨ ਸੰਤ ਲੌਂਗੋਵਾਲ ਦਾ ਨਾਮ ਪੂਰੀ ਦੁਨੀਆਂ ਵਿਚ ਜਾਣਿਆ ਜਾਣ ਲੱਗਾ।  ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੱਢ ਤੋਂ ਹੀ ਬਦਨਾਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਹਨ। ਅੱਜ ਤੱਕ ਜਿੰਨਾਂ ਇਸ ਪਾਰਟੀ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਨੀ ਹੀ ਤਾਕਤ ਨਾਲ ਇਹ ਸਿਰਲੱਥ ਜੋਧਿਆਂ ਦੀ ਪਾਰਟੀ ਉਪਰ ਉਠਦੀ ਰਹੀ।

ਉਨ੍ਹਾਂ ਕਿਹਾ ਕਿ ਜ਼ਸਟਿਸ ਰਣਜੀਤ ਸਿੰਘ ਜੋਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਹੀ ਨੇੜਲਾ ਮਿੱਤਰ ਅਤੇ ਸੁਖਪਾਲ ਸਿੰਘ ਖਹਿਰਾ ਦਾ ਕਰੀਬੀ ਰਿਸ਼ਤੇਦਾਰ ਹੈ, ਇਹ ਵਜਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਬਦਨਾਮ ਕਰਨ ਲਈ ਬਰਗਾੜੀ ਕਾਂਡ ਦੀ ਜਾਂਚ ਉਸ ਨੂੰ ਸੌਂਪੀ ਗਈ, ਜਿਸਦਾ ਸਾਡੀ ਪਾਰਟੀ ਮੁੱਢ ਤੋਂ ਹੀ ਵਿਰੋਧ ਕਰ ਰਹੀ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕਰਜ਼ਾ ਮੁਕਤੀ ਅਤੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਾ ਮੁਕਤੀ ਦਾ ਲਾਰਾ ਲਗਾ ਕੇ ਸੱਤਾ ਵਿਚ ਆਏ ਹਨ ਅਤੇ ਅੱਜ ਲੋਕਾਂ ਤੋਂ ਮੁਨਕਰ ਹੋ ਰਹੇ ਹਨ,

ਉਸੇ ਤਰ੍ਹਾਂ ਜਿਵੇਂ ਕਿ ਰਾਜੀਵ ਗਾਂਧੀ ਸੰਤ ਹਰਚੰਦ ਸਿੰਘ ਜੀ ਨਾਲ ਰਾਜੀਵ-ਲੌਂਗੋਵਾਲ ਸਮਝੌਤਾ ਕਰਕੇ ਮੁੱਕਰੇ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ  ਸੰਤ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਬਾਅਦ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਦੀ ਜਨਤਾ ਨੇ ਜੋ ਭਰੋਸਾ ਕਰਕੇ ਉਨ੍ਹਾਂ ਨੂੰ ਸੱਤਾ ਵਿਚ ਲਿਆਂਦਾ ਹੈ, ਜੇਕਰ ਉਹ ਹੀ ਟੁੱਟ ਗਿਆ ਤਾਂ ਪਾਸਾ ਬਦਲਦਿਆਂ ਦੇਰ ਨਹੀਂ ਲੱਗਦੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛੋਕੜ ਕੁਰਬਾਨੀਆਂ ਨੂੰ ਗਿਣਵਾਉਂਦਿਆਂ ਕਿਹਾ ਕਿ ਪੰਜਾਬ ਲਈ ਸਿਰਫ ਇਕ ਹੀ ਪਾਰਟੀ ਹੈ, ਜੋ ਇਸ ਬਾਰੇ ਸੋਚਦੀ ਹੈ।

ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਵਿੰਨਰਜੀਤ ਸਿੰਘ ਗੋਲਡੀ, ਕੁਲਵੰਤ ਸਿੰਘ ਕੀਤੂ, ਇਕਬਾਲ ਸਿੰਘ ਝੂੰਦਾਂ, ਬਾਬੂ ਪ੍ਰਕਾਸ਼ ਚੰਦ ਗਰਗ, ਬਲਵੀਰ ਸਿੰਘ ਘੁੰਨਸ, ਕੁਲਦੀਪ ਸਿੰਘ ਬੁੱਗਰ, ਬਲਦੇਵ ਸਿੰਘ ਮਾਨ, ਰਾਜਿੰਦਰ ਦੀਪਾ, ਗਗਨਦੀਪ ਸਿੰਘ ਬਰਨਾਲਾ, ਹਰਦੇਵ ਸਿੰਘ ਕਾਲਾਝਾੜ, ਕੁਲਵੰਤ ਸਿੰਘ ਜੌਲੀਆਂ, ਸਤਿਗੁਰ ਸਿੰਘ ਨਮੋਲ, ਰਿੱਪੂ ਢਿਲੋਂ ਅਤੇ ਭਾਜਪਾ ਆਗੂ ਜਤਿੰਦਰ ਕਾਲੜਾ ਨੇ ਵੀ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।