ਸੁਖਬੀਰ ਬਾਦਲ ਦੀ ਐਮ.ਐਲ.ਏ. ਮੈਂਬਰਸ਼ਿਪ ਹੋਵੇ ਰੱਦ : ਗੁਰਦੀਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਨਾਇਟਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ...

Gurdeep Singh Bathinda

ਬਠਿੰਡਾ, 17 ਦਸੰਬਰ (ਸੁਖਜਿੰਦਰ ਮਾਨ) : ਯੂਨਾਇਟਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੇ ਮਾਮਲੇ 'ਚ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। 
  ਅੱਜ ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਵਾਪਰੀਆਂ ਮੰਦਭਾਗੀ ਬੇਅਦਬੀ ਦੀਆਂ ਘਟਨਾਵਾਂ 'ਤੇ ਸ਼ਾਂਤਮਈ ਧਰਨੇ ਉਪਰ ਬੈਠੇ ਦੋ ਨੌਜਵਾਨਾਂ ਦੇ ਕਤਲੇਆਮ ਦੇ ਇਨਸਾਫ਼ ਲਈ ਪੰਜਾਬ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀ।

ਇਸ ਕਮਿਸ਼ਨ ਵਲੋਂ ਕੀਤੀ ਪੜਤਾਲ ਦੌਰਾਨ ਜਦ ਬਾਦਲ ਪਿਉ ਪੁੱਤ ਫ਼ਸਣ ਲੱਗੇ ਤਾਂ ਸੁਖਬੀਰ ਬਾਦਲ ਨੇ ਕਥਿਤ ਤੌਰ 'ਤੇ ਝੂਠ ਬੋਲਿਆ ਕਿ ਕੈਪਟਨ ਚੰਨਣ ਸਿੰਘ ਸਿੱਧੂ ਦੇ ਘਰ ਚੰਡੀਗੜ੍ਹ ਵਿਖੇ ਜਸਟਿਸ ਰਣਜੀਤ ਸਿੰਘ, ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਖਪਾਲ ਸਿੰਘ ਖਹਿਰ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਬਠਿੰਡਾ ਦੇ ਪੁੱਤਰ ਯਾਦਵਿੰਦਰ ਸਿੰਘ ਬਰਾੜ ਨੇ ਮੀਟਿੰਗਾਂ ਕਰਕੇ ਕਮਿਸ਼ਨ ਦੀ ਰੀਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਦੇ ਇਲਾਵਾ ਉਸ ਮੌਕੇ ਬਾਦਲ ਨੇ ਮੋਬਾਈਲ ਟਾਵਰਾਂ ਤੋਂ ਲੁਕੇਸ਼ਨ ਦੇ ਝੂਠੇ ਦਸਤਾਵੇਜ ਵੀ ਪ੍ਰੈੱਸ ਨੂੰ ਜਾਰੀ ਕੀਤੇ ਸਨ।

ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਵਿਧਾਨ ਸਭਾ ਨੇ ਉਕਤ ਦਸਤਾਵੇਜਾਂ ਦੀ ਪੜਤਾਲ ਲਈ ਇਕ ਸਰਬ ਪਾਰਟੀ ਵਿਧਾਇਕਾਂ ਦੀ ਕਮੇਟੀ ਬਣਾਈ ਸੀ, ਜਿਸ ਦੁਆਰਾ ਕੀਤੀ ਪੜਤਾਲ ਦੌਰਾਨ ਮੋਬਾਈਲ ਟਾਵਰ ਤੇ ਲੁਕੇਸ਼ਨ ਦਸਤਾਵੇਜ ਝੂਠੇ ਪਾਏ ਗਏ ਹਨ। ਭਾਈ ਬਠਿੰਡਾ ਨੇ ਮੰਗ ਕੀਤੀ ਸਦਨ ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਦੀ ਜਲਾਲਾਬਾਦ ਹਲਕੇ ਤੋਂ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਵਿਰੁਧ ਮੁੱਕਦਮਾ ਦਰਜ ਕੀਤਾ ਜਾਵੇ।