ਬੈਂਸ ‘ਤੇ ਲੱਗੇ ਇਲਜ਼ਾਮ ਬੇ-ਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਹਨ : ਮਾਹਲ
ਕਿਹਾ, ਸਿਮਰਜੀਤ ਸਿੰਘ ਬੈਂਸ ਦੀ ਵਧਦੀ ਲੋਕਪ੍ਰਿਅਤਾ ਕਾਰਨ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼
ਅੰਮ੍ਰਿਤਸਰ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਇਸ ਮੁਦੇ ‘ਤੇ ਸਿਆਸਤ ਗਰਮਾ ਗਈ ਹੈ। ਇਕ ਪਾਸੇ ਜਿੱਥੇ ਵਿਰੋਧੀ ਆਗੂ ਸਿਮਰਜੀਤ ਸਿੰਘ ਬੈਂਸ ‘ਤੇ ਤੁਰੰਤ ਸਖਤ ਕਾਰਵਾਈ ਦੀ ਮੰਗ ਕਰ ਰਹ ਹਨ, ਉੱਥੇ ਹੀ ਬੈਂਸ ਸਮਰਥਕਾਂ ਸਮੇਤ ਕੁੱਝ ਆਗੂ ਦੋਸ਼ਾਂ ਨੂੰ ਬੇ-ਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਵੀ ਬੈਂਸ ‘ਤੇ ਲੱਗੇ ਦੋਸ਼ਾਂ ਨੂੰ ਬੇ-ਬੁਨਿਆਦ ਕਰਾਰ ਦਿੰਦਿਆਂ ਇਸ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋਣ ਦਾ ਇਲਜਾਮ ਲਾਇਆ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਔਰਤ ਨੇ ਪਹਿਲਾਂ ਵੀ ਸੁਖਚੈਨ ਸਿੰਘ ਖਹਿਰਾ ਨਾਮ ਦੇ ਸਖ਼ਸ਼ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਹ 2 ਸਾਲ ਤੋਂ ਉਸ ਦਾ ਜਿਣਸੀ ਸੋਸ਼ਣ ਕਰ ਰਿਹਾ ਹੈ ਪਰ ਬਾਅਦ ਵਿਚ ਜਦੋਂ ਬੈਂਸ ਨੇ ਮਹਿਲਾ ਨੂੰ ਗਲਤ ਹਰਕਤ ਖ਼ਿਲਾਫ਼ ਰੋਕਿਆ ਤਾਂ ਉਸ ਨੇ ਖਹਿਰਾ ਨਾਲ ਸਮਝੌਤਾ ਕਰ ਲਿਆ।
ਉਨ੍ਹਾਂ ਦੱਸਿਆ ਕਿ ਖਹਿਰਾ ਨੇ 3 ਲੱਖ 60 ਹਜ਼ਾਰ 'ਚ ਇਕ 60 ਗਜ ਦਾ ਪਲਾਟ ਇਸ ਇਸਤਰੀ ਨੂੰ ਦਿਤਾ ਸੀ। ਤਾਲਾਬੰਦੀ ਦੌਰਾਨ ਇਹ ਜ਼ਨਾਨੀ ਪਲਾਟ ਦੇ ਪੈਸੇ ਮੰਗਣ ਲੱਗ ਪਈ ਤੇ ਖਹਿਰਾ ਨੇ ਇਨਕਾਰ ਕਰ ਦਿਤਾ ਤਾਂ ਇਸ ਜ਼ਨਾਨੀ ਨੇ ਉਸਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿਤੀ। ਉਨ੍ਹਾਂ ਕਿਹਾ ਇਸ ਔਰਤ ਵਲੋਂ ਹੁਣ ਉਸੇ ਤਰਜ਼ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੋ ਬੇ-ਬੁਨਿਆਦ ਅਤੇ ਨਿਰਾਧਾਰ ਹੈ।
ਉਨ੍ਹਾਂ ਕਿਹਾ ਕਿ ਇਹ ਜ਼ਨਾਨੀ ਮੁੱਖ ਮੰਤਰੀ ਦੇ ਓ. ਐਸ. ਡੀ. ਅੰਤਿਕ ਬਾਂਸਲ ਦੇ ਸੰਪਰਕ 'ਚ ਸੀ, ਜਿਨ੍ਹਾਂ ਦੇ ਕਹਿਣ 'ਤੇ ਬੈਂਸ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਚੜ੍ਹਤ ਤੋਂ ਵਿਰੋਧੀ ਘਬਰਾਏ ਹੋਏ ਹਨ। ਇਹੀ ਵਜ੍ਹਾ ਹੈ ਕਿ ਬੈਂਸ ਦੀ ਵਧਦੀ ਲੋਕਪ੍ਰਿਅਤਾ ਨੂੰ ਬਰਦਾਸ਼ਤ ਨਾ ਕਰਦੇ ਹੋਏ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਹ ਕਦਮ ਚੁਕਿਆ ਗਿਆ ਹੈ।