ਸਿਮਰਜੀਤ ਸਿੰਘ ਬੈਂਸ ਆਪਣੀ ਆਮਦਨ ਦੇ ਸਰੋਤ ਜਨਤਕ ਕਰਨ : ਗਰੇਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਬੈਂਸ ਦੀ ਇਮਾਨਦਾਰੀ ਅਤੇ ਉੱਚੇ ਨੈਤਿਕ ਮੁੱਲਾਂ ਦੇ ਦਿਖਾਵੇ ਦਾ ਭਾਂਡਾਫੋੜ ਹੋ ਚੁੱਕਾ ਹੈ

Mahesh Inder Singh Grewal addressed public meeting

ਲੁਧਿਆਣਾ : ਲੁਧਿਆਣਾ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਇਕ ਟੋਲ ਪਲਾਜ਼ਾ ਤੇ ਇਕ ਖੰਡ ਮਿੱਲ ਦੀ ਮਲਕੀਅਤ ਉੱਪਰ ਸਵਾਲ ਚੁੱਕੇ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲੜੀਵਾਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਕਿਹਾ ਕਿ ਬੈਂਸ ਨੇ ਆਪਣੇ ਚੋਣ ਹਲਫ਼ਨਾਮੇ 'ਚ ਪ੍ਰਗਾਟਾਵਾ ਕੀਤਾ ਹੈ ਕਿ ਉਨ੍ਹਾਂ ਦਾ ਇਕ ਟੋਲ ਪਲਾਜ਼ਾ ਅਤੇ ਇਕ ਖੰਡ ਮਿੱਲ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨੂੰ ਜਾਣਨਾ ਚਾਹੁੰਦੇ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਕਰੋੜਾਂ ਰੁਪਏ ਦੀ ਇਕ ਖੰਡ ਮਿੱਲ ਤੇ ਟੋਲ ਪਲਾਜ਼ਾ ਨੂੰ ਹਾਸਲ ਕੀਤੇ, ਜਿੱਥੇ ਉਹ ਲੋਕਾਂ ਦੀਆਂ ਜੇਬਾਂ ਨੂੰ ਖਾਲੀ ਕਰਦੇ ਹਨ।

ਅਕਾਲੀ-ਭਾਜਪਾ ਉਮੀਦਵਾਰ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਿਹੜੇ ਬੈਂਸ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਲਾਡੋਵਾਲ ਸਥਿਤ ਟੋਲ ਪਲਾਜ਼ਾ ਦੇ ਮੈਨੇਜਰਾਂ ਨੂੰ ਦਬਾਉਣ ਤੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਖੁਦ ਵੀ ਇਹੋ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਸ ਦੀ ਇਮਾਨਦਾਰੀ ਤੇ ਉੱਚੇ ਨੈਤਿਕ ਮੁੱਲਾਂ ਦੇ ਦਿਖਾਵੇ ਦਾ ਭਾਂਡਾਫੋੜ ਹੋ ਚੁੱਕਾ ਹੈ ਤੇ ਲੋਕਾਂ ਨੂੰ ਇਨ੍ਹਾਂ ਦੇ ਅਸਲੀ ਚਰਿੱਤਰ ਦਾ ਪਤਾ ਚੱਲ ਗਿਆ ਹੈ।

ਗਰੇਵਾਲ ਨੇ ਸਥਾਨਕ ਐਮ.ਪੀ. ਤੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੀ ਹਮਲਾ ਬੋਲਦਿਆਂ ਦੋਸ਼ ਲਗਾਇਆ ਕਿ ਦੋਨਾਂ ਦੀ ਸਰਪ੍ਰਸਤੀ ਹੇਠ ਬਿਹਾਰ ਤੋਂ ਸਸਤੇ ਰੇਟਾਂ ਅਤੇ ਚੌਲ ਮੰਗਵਾਏ ਗਏ ਅਤੇ ਉਨ੍ਹਾਂ ਨੂੰ ਪੰਜਾਬ 'ਚ ਵੇਚਿਆ ਗਿਆ, ਜਿਸ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਗੱਲ ਨੂੰ ਜਾਣਦੇ ਨੇ ਤੇ ਚੋਣਾਂ ਤੋਂ ਬਾਅਦ ਉਹ ਇਸ ਮਾਮਲੇ ਚ ਕਾਰਵਾਈ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਹ ਕਰੋੜਾਂ ਰੁਪਏ ਦਾ ਘੁਟਾਲਾ ਹੈ, ਜਿਸ 'ਚ ਦੋਵੇਂ ਬਿੱਟੂ ਤੇ ਆਸ਼ੂ ਜਵਾਬਦੇਹ ਠਹਿਰਾਏ ਜਾਣਗੇ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਸਸਤੇ ਰੇਟ ਤੇ ਚੌਲ ਮੰਗਵਾਏ ਜਾਣ ਕਾਰਨ ਮੰਡੀਆਂ ਚ ਵਿਕਣ ਵਾਲੇ ਚੌਲ ਦੀ ਮਾਤਰਾ ਪੰਜਾਬ ਵਿੱਚ ਹੋਏ ਅਸਲੀ ਉਤਪਾਦਨ ਤੋਂ ਬਹੁਤ ਵੱਧ ਸੀ। ਗਰੇਵਾਲ ਨੇ ਦਾਅਵਾ ਕੀਤਾ ਕਿ ਇਹੋ ਕਾਰਨ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਤੌਰ 'ਤੇ ਨਕਦ ਸਹਾਇਤਾ ਟਰਾਂਸਫਰ ਕਰਨ ਦਾ ਫ਼ੈਸਲਾ ਕੀਤਾ ਅਤੇ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਰੈਗੂਲਰ ਤੌਰ 'ਤੇ ਉਸ ਰਾਸ਼ੀ ਨੂੰ ਪ੍ਰਾਪਤ ਕਰ ਰਹੇ ਹਨ।