ਕੋਲਿਆਂਵਾਲੀ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਚੌਕਸੀ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫੜੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ..........
ਐੱਸ.ਏ.ਐੱਸ ਨਗਰ : ਚੌਕਸੀ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫੜੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿਤਾ ਗਿਆ। ਗੌਰਤਲਬ ਹੈ ਕਿ ਕੋਲਿਆਂਵਾਲੀ ਪਹਿਲਾਂ ਤਿੰਨ ਦਿਨ ਦੇ ਫਿਰ ਇਕ ਦਿਨ ਦੇ ਪੁਲਿਸ ਰੀਮਾਂਡ 'ਤੇ ਰਹੇ ਸਨ। ਜਿਸ ਦੌਰਾਨ ਕੋਲਿਆਂਵਾਲੀ ਤੋਂ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਕਈ ਪੱਖਾਂ ਤੋਂ ਪੜਤਾਲ ਕੀਤੀ ਗਈ।
ਪਹਿਲਾਂ ਤਿਨ ਦਿਨ ਦੇ ਪੁਲਿਸ ਰੀਮਾਂਡ ਦੇ ਦੌਰਾਨ ਚੌਕਸੀ ਮਹਿਕਮੇ ਨੇ ਜਿਥੇ ਉਨ੍ਹਾਂ ਦੀ ਮੁਕਤਸਰ ਵਿਚਲੀ ਕੋਠੀ ਦੀ ਪੈਮਾਇਸ਼ ਕਰਕੇ ਕਾਨੂੰਨੀ ਚਾਰਾਜੋਈ ਪੂਰੀ ਕੀਤੀ, ਉਥੇ ਹੀ ਗੁਰਪਾਲ ਸਿੰਘ ਨਾਮ ਦੇ ਇਕ ਵਿਅਕਤੀ ਨੇ ਉਨ੍ਹਾਂ 'ਤੇ ਝੂਠਾ ਪਰਚਾ ਦਰਜ ਕਰਵਾਕੇ ਉਹਨਾਂ ਦੀ 3 ਕਿਲੇ ਜ਼ਮੀਨ ਅਪਣੇ ਨਾਮ ਕਰਵਾਉਣ ਦਾ ਦੋਸ਼ ਕੋਲਿਆਂਵਾਲੀ 'ਤੇ ਲਾਇਆ ਸੀ।
ਚੌਕਸੀ ਵਿਭਾਗ ਵਲੋਂ ਇਸ ਬਾਬਤ ਗੁਰਪਾਲ ਸਿੰਘ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਗੁਰਪਾਲ ਸਿੰਘ ਕਾਂਗਰਸੀ ਅਹੁਦੇਦਾਰ ਹੈ ਪਰ ਉਨ੍ਹਾਂ ਦਾ ਇਸ ਗੱਲ ਤੋ ਸਾਫ਼ ਇਨਕਾਰ ਹੈ ਕਿ ਉਹ ਕੋਲਿਆਂਵਾਲੀ ਦੇ ਵਿਰੁਧ ਪਾਰਟੀਬਾਜ਼ੀ ਕਾਰਨ ਇਹ ਬਿਆਨ ਦੇ ਰਹੇ ਹਨ। ਦਸਣਾ ਬਣਦਾ ਹੈ ਕਿ ਜਥੇਦਾਰ ਵਿਰੁਧ ਮੋਹਾਲੀ ਥਾਣੇ ਵਿਚ ਇਹ ਪਰਚਾ ਅਕਤੂਬਰ ਮਹੀਨੇ ਦੌਰਾਨ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਵਲੋਂ 14 ਦਸੰਬਰ ਨੂੰ ਮੋਹਾਲੀ ਅਦਾਲਤ ਵਿਚ ਆਤਮ-ਸਮਰਪਣ ਕੀਤਾ ਗਿਆ ਸੀ।