500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਮੋਰਚੇ ’ਤੇ ਪਹੁੰਚੇਗਾ ਇਹ ਨੌਜਵਾਨ
ਕਿਸਾਨੀ ਸੰਘਰਸ਼ ਵਿਚ ਵੱਖਰੇ ਤਰੀਕੇ ਨਾਲ ਯੋਗਦਾਨ ਪਾਉਣ ਜਾ ਰਿਹਾ ਗੁਰਦਾਸਪੁਰ ਦਾ ਰਮਿੰਦਰ ਸਿੰਘ
ਗੁਰਦਾਸਪੁਰ (ਨੀਤਿਨ ਲੁੱਥਰਾ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹਰ ਵਰਗ ਕਿਸਾਨੀ ਮੋਰਚੇ ਵਿਚ ਅਪਣਾ ਯੋਗਦਾਨ ਪਾ ਰਿਹਾ ਹੈ। ਕਿਸਾਨੀ ਸੰਘਰਸ਼ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੀਲਾ ਤੇਜਾ ਦੇ ਇਕ ਨੌਜਵਾਨ ਨੇ 500 ਕਿਲੋਮੀਟਰ ਦੌੜ ਲਗਾ ਕੇ ਮੋਰਚੇ ਵਿਚ ਹਾਜ਼ਰੀ ਭਰਨ ਦਾ ਫੈਸਲਾ ਕੀਤਾ ਹੈ।
ਨੌਜਵਾਨ ਕੈਪਟਨ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ 25 ਫਰਵਰੀ ਨੂੰ ਅਪਣੇ ਪਿੰਡ ਤੋਂ ਦਿੱਲੀ ਲਈ ਰਵਾਨਾ ਹੋਣਗੇ। ਉਹਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦਿੱਲੀ ਧਰਨੇ ਵਿਚ ਅਪਣਾ ਯੋਗਦਾਨ ਪਾ ਚੁੱਕੇ ਹਨ ਪਰ ਇਸ ਵਾਰ ਉਹ ਕੁੱਝ ਵੱਖਰਾ ਕਰਨਾ ਚਾਹੁੰਦੇ ਹਨ। ਰਮਿੰਦਰ ਸਿੰਘ ਪਿਛਲੇ 15 ਦਿਨਾਂ ਤੋਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ।
ਇਸ ਦੌਰਾਨ ਉਹ ਹਰ ਰੋਜ਼ 50 ਕਿਲੋਮੀਟਰ ਦੌੜ ਲਗਾਉਣਗੇ ਤੇ 8-10 ਦਿਨਾਂ ਵਿਚ ਦਿੱਲੀ ਪਹੁੰਚਣਗੇ। ਇਸ ਮੌਕੇ ਰਮਿੰਦਰ ਸਿੰਘ ਨਾਲ 6 ਮੈਂਬਰੀ ਟੀਮ ਵੀ ਹੋਵੇਗੀ, ਜਿਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਹੈ। ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚੋਂ ਕਈ ਅਜ਼ਾਦੀ ਘੁਲਾਟੀਏ ਹੋਏ ਹਨ। ਉਹਨਾਂ ਤੋਂ ਪ੍ਰੇਰਣਾ ਲੈਂਦਿਆਂ ਹੀ ਉਸ ਦੇ ਮਨ ਵਿਚ ਇਹ ਵਿਚਾਰ ਆਇਆ ਹੈ।
ਉਹ ਅਜਿਹਾ ਕਰਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਨੌਜਵਾਨ ਕੁਝ ਵੀ ਕਰ ਸਕਦੇ ਹਨ। ਰਮਿੰਦਰ ਸਿੰਘ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਵੱਖਰੇ ਤੌਰ ‘ਤੇ ਗੱਡੀ ਵੀ ਭੇਜੀ ਜਾਵੇਗੀ, ਤਾਂ ਜੋ ਕਿਸੇ ਵੀ ਸਮੱਸਿਆ ਸਮੇਂ ਮਦਦ ਕੀਤੀ ਜਾ ਸਕੇ। ਰਮਿੰਦਰ ਸਿੰਘ ਨੂੰ ਪਿੰਡ ਵਾਸੀਆਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਪਿੰਡ ਵਾਸੀਆਂ ਨੂੰ ਰਮਿੰਦਰ ਸਿੰਘ ਦੇ ਫੈਸਲੇ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।