ਲੋਕ ਸਭਾ ਚੋਣਾਂ ਦਾ ਪ੍ਰਬੰਧ : ਕੇਂਦਰੀ ਫ਼ੋਰਸ ਦੀਆਂ 215 ਕੰਪਨੀਆਂ ਤੈਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ 50,000 ਜਵਾਨ ਡਿਊਟੀ ਉਤੇ ; 4000 ਤੋਂ ਵੱਧ ਪੋਲਿੰਗ ਸਟੇਸ਼ਨ ਨਾਜ਼ੁਕ ਐਲਾਨੇ

Lok Sabha elections

ਚੰਡੀਗੜ੍ਹ : ਸਰਹੱਦੀ ਸੂਬੇ ਪੰਜਾਬ ਦੀਆਂ ਕੁਲ 13 ਸੀਟਾਂ ਵਾਸਤੇ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ, ਚੋਣ ਪ੍ਰਚਾਰ ਦੌਰਾਨ, ਬਾਰੀਕੀ ਨਾਲ ਪ੍ਰਬੰਧ ਕਰਨ ਲਈ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰਨਾ ਰਾਜੂ ਨੇ ਅਪਣੇ ਸਾਥੀ ਅਧਿਕਾਰੀਆਂ ਕਵਿਤਾ ਸਿੰਘ, ਏ.ਡੀ.ਜੀ.ਪੀ ਰਾਜਿੰਦਰ ਢੋਕੇ, ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨਾਲ ਚਰਚਾ ਕਰ ਕੇ ਜਾਇਜ਼ਾ ਲਿਆ। ਕੇਂਦਰੀ ਚੋਣ ਕਮਿਸ਼ਨ ਤੋਂ ਵਿਸ਼ੇਸ਼ ਅਬਜ਼ਰਵਰ ਰਾਘਵ ਚੰਦਰ ਨੇ ਵੀ ਅੱਜ ਪੰਜਾਬ ਵਿਚ ਕੀਤੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਚੋਣਾਂ, ਸ਼ਾਂਤੀ-ਅਮਨ ਤੇ ਨਿਰਪੱਖ ਕਰਾਉਣ ਵਾਸਤੇ ਸੁਝਾਅ ਵੀ ਦਿਤੇ। 

ਅਧਿਕਾਰੀਆਂ ਦੀ ਇਸ ਮਹੱਤਵਪੂਰਨ ਬੈਠਕ ਉਪਰੰਤ ਡਾ. ਰਾਜੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕੁਲ 2 ਕਰੋੜ 3 ਲੱਖ ਤੋਂ ਵੱਧ ਵੋਟਰਾਂ ਲਈ ਬਣਾਏ 23 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨਾਂ ਵਾਸਤੇ ਇਕ ਲੱਖ ਦੇ ਕਰੀਬ ਸਿਵਿਲ ਸਟਾਫ਼ ਅਤੇ ਸੁਰੱਖਿਆ ਲਈ 215 ਕੇਂਦਰੀ ਫ਼ੋਰਸ ਦੀਆਂ ਕੰਪਨੀਆਂ ਪੰਜਾਬ ਦੇ ਵੱਖ-ਵੱਖ ਥਾਵਾਂ ਉਤੇ ਤੈਨਾਤ ਕਰ ਦਿਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੀ ਆਰਮਡ ਦੇ ਜਵਾਨ ਮਿਲਾ ਕੇ ਕੁਲ 1,00,000 ਤੋਂ ਵੱਧ ਸੁਰੱਖਿਆ ਕਰਮੀ ਲਗਾਏ ਗਏ ਹਨ। 

ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਚੰਡੀਗੜ੍ਹ ਦੀ ਇਕੋ-ਇਕ ਸੀਟ ਵਾਸਤੇ ਸੱਤਵੇਂ ਤੇ ਆਖ਼ਰੀ ਗੇੜ ਵਿਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਚਾਰ ਦਿਨ ਬਾਅਦ 23 ਮਈ ਨੂੰ ਹੀ ਬਾਕੀ ਸਾਰੇ ਮੁਲਕ  ਨਾਲ ਹੋ ਜਾਏਗੀ। ਡਾ. ਕਰਨਾ ਰਾਜੂ ਨੇ ਦਸਿਆ ਕਿ ਐਤਕੀ ਹਰ ਸੀਟ ਉਤੇ ਤਿੰਨ ਤਿੰਨ ਅਬਜ਼ਰਵਰ ਲਾਏ ਹਨ। ਜਿਨ੍ਹਾਂ ਵਿਚ ਇਕ ਜਨਰਲ ਅਬਜ਼ਰਵਰ ਇਕ ਖ਼ਰਚਾ ਅਬਜ਼ਰਵਰ ਅਤੇ ਇਕ ਸੀਨੀਅਰ ਪੁਲਿਸ ਅਬਜ਼ਰਵਰ ਜੋ ਸੁਰੱਖਿਆ ਸਬੰਧੀ ਰੀਪੋਰਟ ਹਰ ਵੇਲੇ ਭੇਜ ਰਹੇ ਹਨ। ਉਨ੍ਹਾਂ ਦਸਿਆ ਕਿ ਫ਼ਿਲਹਾਲ ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ ਤੇ ਲੁਧਿਆਣਾ ਸੀਟਾਂ ਨੂੰ ਨਾਜ਼ੁਕ, ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ 4000 ਤੋਂ ਵੱਧ ਪੋਲਿੰਗ ਬੂਥਾਂ ਉਤੇ ਸਪੈਸ਼ਲ ਸੁਰੱਖਿਆ ਪ੍ਰਬੰਧ ਕੀਤੇ ਹਨ।

ਇਨ੍ਹਾਂ ਥਾਵਾਂ ਉਤੇ ਗੜਬੜੀ ਦਾ ਸ਼ੱਕ ਹੈ ਅਤੇ ਵਾਧੂ ਸਟਾਫ਼ ਅਤੇ ਸੁਰੱਖਿਆ ਅਮਲਾ ਤੈਨਾਤ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਅੱਜ ਪਟਰੌਲ-ਡੀਜ਼ਲ ਤੇ ਗੈਸ ਕੰਪਨੀਆਂ ਦੇ ਪੰਜਾਬ ਵਿਚਲੇ 500 ਤੋਂ ਵੱਧ ਪੰਪਾਂ ਦਾ ਕੰਟਰੋਲ ਕਰ ਰਹੇ ਰੀਜ਼ਨਲ ਅਧਿਕਾਰੀਆਂ ਦੀ ਬੈਠਕ ਬੁਲਾਕੇ ਨਿਰਦੇਸ਼ ਦਿਤੇ ਕਿ ਸਿਆਸੀ ਪਾਰਟੀਆਂ, ਉਨ੍ਹਾਂ ਦੇ ਉਮੀਦਵਾਰਾਂ ਤੇ ਹੋਰ ਵਰਕਰਾਂ ਦੀਆਂ ਕਾਰਾਂ-ਗੱਡੀਆਂ, ਸਕੂਟਰ, ਮੋਟਰਸਾਈਕਲਾਂ ਨੂੰ ਵੇਚਿਆ ਜਾਂਦੇ ਤੇਲ ਦਾ ਹਿਸਾਬ-ਕਿਤਾਬ ਰੱਖਿਆ  ਜਾਵੇ। ਇਸ ਵਿਕਰੀ ਦਾ ਲੇਖਾ-ਜੋਖਾ ਚੋਣ ਪ੍ਰਚਾਰ ਵਿਚ ਕੀਤੇ ਜਾਣ ਵਾਲੇ ਖ਼ਰਚੇ ਵਿਚ ਜੋੜਿਆ ਜਾਵੇਗਾ। 

ਪਟਰੌਲ-ਡੀਜ਼ਲ ਪੰਪ ਦੇ ਮਾਲਕਾਂ ਤੇ ਕੰਪਨੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਸਟੋਰਾਂ ਤੇ ਪੰਪਾਂ ਦੇ ਕਮਰਿਆਂ ਵਿਚ ਕਿਸੇ ਵੀ ਕਿਸਮ ਦਾ ਗ਼ੈਰ-ਕਾਨੂੰਨੀ ਸਮਾਨ, ਅਸਲਾ, ਪ੍ਰਚਾਰ ਸਮੱਗਰੀ, ਨਸ਼ਾ-ਦਾਰੂ, ਪੋਸਟਰ, ਸ਼ਰਾਬ ਪੇਟੀਆਂ ਵਗ਼ੈਰਾ ਨਾ ਰੱਖੀਆਂ ਜਾਣ।