ਸਿੱਧੂ ਨੇ ਬਾਜਵਾ ਨੂੰ ਜੱਫੀ ਪਾ ਕੇ ਕੁੱਝ ਵੀ ਗ਼ਲਤ ਨਹੀਂ ਕੀਤਾ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨੂੰ ਗਲਵਕੜੀ ਪਾਉਣ........

H. S. Phoolka

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨੂੰ ਗਲਵਕੜੀ ਪਾਉਣ 'ਤੇ ਗਰਮਾਈ ਸਿਆਸਤ ਨੂੰ ਫ਼ਜ਼ੂਲ ਕਰਾਰ ਦਿਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੋ ਵਿਸ਼ਵਾਸ ਸਰਕਾਰਾਂ ਨਹੀਂ ਲੈ ਸਕੀਆਂ, ਉਹ ਨਵਜੋਤ ਸਿੰਘ ਸਿੱਧੂ ਲੈਣ ਵਿਚ ਸਫ਼ਲ ਹੋਏ ਹਨ ਤੇ ਉਨ੍ਹਾਂ ਦੇ ਵਿਰੋਧੀ ਤਾਰੀਫ਼ ਕਰਨ ਦੀ ਥਾਂ ਵਿਰੋਧਤਾ ਕਰ ਰਹੇ ਹਨ ਜਿਸ ਦਾ ਸਿੱਟਾ ਨਿਕਲਦਾ ਹੈ ਕਿ ਸਾਡੇ ਦੇਸ਼ ਦੀ ਸਿਆਸਤ ਵਿਚ ਗਿਰਾਵਟ ਬੜੀ ਹੇਠਲੇ ਪੱਧਰ ਤੇ ਆ ਗਈ ਹੈ।

ਫੂਲਕਾ ਮੁਤਾਬਕ ਜਨਰਲ ਬਾਜਵਾ ਤੇ ਪਾਕਿਸਤਾਨ ਸਰਕਾਰ ਦੀ ਖ਼ਾਮੋਸ਼ੀ ਇਹ ਦਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਮਾੜਾ ਕੰਮ ਨਹੀਂ ਕੀਤਾ। ਕੋਈ ਵੀ ਸਿੱਖ ਭਾਵੁਕ ਹੋ ਸਕਦਾ ਸੀ, ਇਸ ਦਾ ਕਾਰਨ ਬੜੇ ਲੰਮੇ ਸਮੇਂ ਤੋਂ ਸਿੱਖ ਕੌਮ ਰੋਜ਼ਾਨਾ ਅਰਦਾਸਾਂ ਕਰਦੀ ਆ ਰਹੀ ਹੈ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਹੋ ਸਕਣ।

ਸਿੱਧੂ ਮੁਤਾਬਕ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਮੁਖੀ ਵਲੋਂ ਇਹ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਸਰਕਾਰ ਖੋਲ੍ਹ ਦੇਵੇਗੀ ਜਿਸ ਤੋਂ ਸਿੱਧੂ ਸਿੱਖ ਵਜੋਂ ਭਾਵੁਕ ਹੋ ਗਏ ਤੇ ਉਨ੍ਹਾਂ ਬਾਜਵਾ ਨੂੰ ਜੱਫੀ ਪਾ ਲਈ। ਫੂਲਕਾ ਨੇ ਅਕਾਲੀ ਦਲ ਵਲੋਂ ਸਿੱਧੂ ਦੀ ਆਲੋਚਨਾ ਨੂੰ ਮੰਦਭਾਗਾ ਕਰਾਰ ਦਿਤਾ ਤੇ ਭਾਜਪਾ ਬਾਰੇ ਕਿਹਾ ਕਿ ਉਹ ਸਿੱਖ ਵਿਰੋਧੀ ਹੈ।