ਸਿੱਧੂ ਨੇ ਸੁਸ਼ਮਾ ਨੂੰ ਲਿਖੀ ਚਿੱਠੀ, ਪਾਕਿ ਜਾਣ ਲਈ ਵੀਜ਼ਾ ਸ਼ਰਤਾਂ 'ਚ ਢਿੱਲ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਲਈ ਲਾਂਘੇ ਦੀ ਉਸਾਰੀ ਕਰਨ...

Sidhu's letter to Sushma, the demand for relaxation in visa requirements...

ਚੰਡੀਗੜ੍ਹ (ਸਸਸ) : ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਲਈ ਲਾਂਘੇ ਦੀ ਉਸਾਰੀ ਕਰਨ ਸਬੰਧੀ ਪ੍ਰਵਾਨਗੀ ਦੇਣ ਬਾਰੇ ਸੁਣ ਕੇ ਮੇਰਾ ਦਿਲ ਖੁਸ਼ੀ ਨਾਲ ਖੀਵਾ ਹੋ ਉੱਠਿਆ ਹੈ। ਇਕ ਸਿੱਖ ਸ਼ਰਧਾਲੂ ਅਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਤੇ ਸਮਰਪਿਤ ਹੋਣ ਕਰਕੇ ਮੈਂ ਧੰਨਵਾਦੀ ਹਾਂ ਅਤੇ ਭਾਰਤ ਸਰਕਾਰ ਵਲੋਂ ਉਠਾਏ ਇਸ ਇਤਿਹਾਸਕ ਕਦਮ ਲਈ ਦਿਲੋਂ ਰਿਣੀ ਹਾਂ।

ਇਹ ਪੂਰੇ ਸਿੱਖ ਜਗਤ ਦੀ ਲੰਮੇ ਅਰਸੇ ਤੋਂ ਚਲੀ ਆ ਰਹੀ ਮੰਗ ਸੀ ਅਤੇ ਇਸ ਦਿਸ਼ਾ ਵਿਚ ਕੀਤੀ ਇਸ ਪਹਿਲਕਦਮੀ ਸਦਕਾ ਸਮੁੱਚੀ ਸਿੱਖ ਸੰਗਤ ਲਈ ਆਸ ਦੀ ਇਕ ਨਵੀਂ ਕਿਰਨ ਉੱਭਰੀ ਹੈ ਕਿਉਂ ਜੋ ਸੰਗਤ ਸਰਹੱਦ ਪਾਰ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਜਾ ਕੇ ਅਪਣੀ ਸ਼ਰਧਾ ਅਰਪਣ ਕਰਨ ਲਈ ਚਿਰਾਂ ਤੋਂ ਉਡੀਕਵਾਨ ਸੀ। ਸਿੱਖ ਕੌਮ ਦੇ ਧਾਰਮਿਕ ਸਰੋਕਾਰਾਂ ਹਿੱਤ ਭਾਰਤ ਸਰਕਾਰ ਵਲੋਂ ਪਾਕਿਸਤਾਨ ਦੇ ਹਮਰੁਤਬਾ ਮੰਤਰੀ ਨੂੰ ਲਿਖਣ ਸਬੰਧੀ ਮੈ ਕੁਝ ਮਹੀਨੇ ਪਹਿਲਾਂ ਤੁਹਾਨੂੰ ਮਿਲਿਆ ਸਾਂ ਕਿਉਂਕਿ ਇਹ ਨਾ ਸਿਰਫ ਸਿੱਖਾਂ ਸਗੋਂ ਕੁੱਲ ਮਾਨਵਤਾ ਦੀ ਭਲਾਈ ਦਾ ਕਾਰਜ ਹੈ।

ਮੇਰੀ ਪਾਕਿਸਤਾਨ ਫੇਰੀ ਦੌਰਾਨ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਪਾਕਿਸਤਾਨ ਦੇ ਇਰਾਦੇ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਪਾਕਿਸਤਾਨ ਦੇ ਮੰਤਰੀ ਸ੍ਰੀ ਫਵਾਦ ਚੌਧਰੀ ਵਲੋਂ ਦਿਤੀ ਜਾਣਕਾਰੀ ਤੋਂ ਪਾਕਿਸਤਾਨ ਦਾ ਪੱਖ ਹੋਰ ਵੀ ਸਪੱਸ਼ਟ ਹੋ ਗਿਆ। ਕੱਲ੍ਹ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਵਲੋਂ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵਲੋਂ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਗੱਲ ਦਾ ਕਿਹਾ ਜਾਣਾ ਇਸ ਦੀ ਹੋਰ ਵੀ ਪੁਸ਼ਟੀ ਕਰਦਾ ਹੈ।

ਦੋਵਾਂ ਦੇਸ਼ਾਂ ਵਲੋਂ ਚੁੱਕਿਆ ਇਹ ਸੁਹਿਰਦ ਤੇ ਇਤਿਹਾਸਕ ਕਦਮ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਨੂੰ ਠਾਰਨ ਅਤੇ ਪੰਜਾਬ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੈਂ ਭਾਰਤ ਸਰਕਾਰ ਵਲੋਂ ਪਾਕਿਸਤਾਨ ਦੀ ਸਰਕਾਰ ਨੂੰ ਛੇਤੀ ਤੇ ਸੁਖਾਲੀਆਂ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਲਿਖਣ ਦੀ ਆਸ ਕਰਦਾ ਹਾਂ।

ਹੁਣ ਜਦੋਂ ਅਸੀ ਇਸ ਰਾਹ ਤੇ ਤੁਰਦਿਆਂ ਵਿਸ਼ਵਾਸ ਤੇ ਪਿਆਰ ਦਾ  ਇਕ ਨਵਾਂ ਅਧਿਐ  ਲਿਖਿਆ ਹੈ ਤਾਂ ਮੈਂ ਇਹ ਆਸ ਤੇ ਅਰਦਾਸ ਕਰਦਾ ਹਾਂ ਕਿ ਸਾਡੀ ਇਸ ਕੋਸ਼ਿਸ਼ ਨੂੰ ਬੂਰ ਪਵੇ ਅਤੇ ਸਾਡੇ ਰਿਸ਼ਤਿਆਂ ਵਿਚ ਸੁਧਾਰ ਹੋਵੇ ਤਾਂ ਜੋ ਦਿਲਾਂ ਵਿਚ ਪਏ ਫ਼ਾਸਲੇ ਭਰ ਜਾਣ ਅਤੇ ਇਹ ਉਪਰਾਲਾ ਦੋਵਾਂ ਮੁਲਕਾਂ ਦੇ ਜ਼ਖ਼ਮਾਂ 'ਤੇ ਮਰਹਮ ਲਾਉਣ ਦਾ ਕੰਮ ਕਰੇ।

Related Stories