'ਭਾਜਪਾ ਨਾਲ ਹੱਥ ਮਿਲਾਉਣਾ ਤਾਂ ਦੂਰ ਦੀ ਗੱਲ, ਮੈਂ ਭਾਜਪਾ ਉਚ ਲੀਡਰਸ਼ਿਪ ਨੂੰ ਕਦੇ ਮਿਲਿਆ ਵੀ ਨਹੀਂ'
ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣਾ ਬੜੀ ਦੂਰ ਦੀ ਗਲ ਹੈ ਪਰ ਉਹ ਕਦੇ ਵੀ ਭਾਜਪਾ ਦੀ ਉਚ ਲੀਡਰਸ਼ਿਪ ਨੂੰ ਕਦੇ ਨਹੀਂ ਮਿਲਿਆ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਕ ਚੈਨਲ ਨਾਲ ਗਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣਾ ਬੜੀ ਦੂਰ ਦੀ ਗਲ ਹੈ ਪਰ ਉਹ ਕਦੇ ਵੀ ਭਾਜਪਾ ਦੀ ਉਚ ਲੀਡਰਸ਼ਿਪ ਨੂੰ ਕਦੇ ਨਹੀਂ ਮਿਲਿਆ ਅਤੇ ਨਾ ਹੀ ਕੋਈ ਤਜਵੀਜ਼ ਹੈ। ਮੈਂ ਤਾਂ ਬਤੌਰ ਇਕ ਅਕਾਲੀ ਲੀਡਰ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ 'ਤੇ ਲਿਆਉਣ ਲਈ ਝੰਡਾ ਚੁਕਿਆ ਹੈ।
ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਡਿਕਟੇਟਰਸ਼ਿਪ 'ਚ ਫਸਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਾਰੇ ਫ਼ੈਸਲੇ ਮਨਮਰਜ਼ੀ ਰਾਹੀਂ ਕਰਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼ਾਨਾਂਮੱਤਾ ਇਤਿਹਾਸ ਹੈ।
ਉਨ੍ਹਾਂ ਕਿਹਾ ਕਿ ਲੀਡਰਸ਼ਿਪ 'ਚ ਮੁੰਡਿਆਂ ਨੂੰ ਚੌਧਰਾਂ ਦਿਤੀਆਂ ਗਈਆਂ ਤਾਂ ਜੋ ਸੀਨੀਅਰ ਆਗੂ ਵਿਰੋਧਤਾ ਨਾ ਕਰ ਸਕਣ, ਸਾਡੇ ਤੋਂ ਇਲਾਵਾ ਹੋਰ ਆਗੂ ਸਾਡੀ ਹਾਮੀਂ ਭਰਦੇ ਰਹੇ ਪਰ ਉਨ੍ਹਾਂ ਬਾਦਲਾਂ ਵਿਰੁਧ ਕਦੇ ਜੁਰਅਤ ਨਾ ਵਿਖਾਈ। ਢੀਂਡਸਾ ਮੁਤਾਬਕ ਸਭ ਦੀ ਸਲਾਹ ਨਾਲ ਤਾਲਮੇਲ ਕਮੇਟੀ ਦਾ ਗਠਨ ਜਲਦੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ-ਤਖ਼ਤ ਆਜ਼ਾਦ ਕਰਵਾਉਣੇ ਸਭ ਤੋਂ ਵੱਡਾ ਮਸਲਾ ਹੈ।