ਖੇਤੀ ਸੰਘਰਸ਼ ਦੀ ਕੁਠਾਲੀ ’ਚੋਂ ਕੁੰਦਨ ਬਣ ਨਿਕਲਣਗੇ ਪੰਜਾਬ ਦੇ ਨੌਜਵਾਨ, ਰਵਾਇਤੀ ਆਗੂ ਚਿੰਤਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਾਇਤੀ ਪਾਰਟੀਆਂ ਦੇ ਆਗੂਆਂ 'ਚ ਘਬਰਾਹਟ, ਚੁਨੌਤੀਆਂ ਵਧਣ ਦੇ ਅਸਾਰ

Farmers Protest

ਚੰਡੀਗੜ੍ਹ : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨੀ ਸੰਘਰਸ਼ 27ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ। ਸਰਕਾਰ ਦੇ ਅੜੀਅਲ ਵਤੀਰੇ ਕਾਰਨ ਸੰਘਰਸ਼ ਦੇ ਹੋਰ ਲਮਕਣ ਦੇ ਅਸਾਰ ਹਨ। ਕਿਸਾਨ ਜਥੇਬੰਦੀਆਂ ਪਹਿਲਾਂ ਹੀ 6-6 ਮਹੀਨੇ ਦੇ ਇਤਜਾਮ ਨਾਲ ਘਰੋਂ ਤੁਰੀਆਂ ਸਨ ਪਰ ਸੰਘਰਸ਼ ਲੰਮੇਰਾ ਖਿੱਚਣ ਬਾਰੇ ਕਿਸਾਨਾਂ ਤੋਂ ਜ਼ਿਆਦਾ ਸਿਆਸੀ ਧਿਰਾਂ ਚਿੰਤਤ ਹਨ। ਕਿਸਾਨੀ ਘੋਲ ਨਾਲ ਜੁੜੇ ਚਿੰਤਕਾਂ ਮੁਤਾਬਕ ਕਿਸਾਨੀ ਘੋਲ ਕਾਰਨ ਪੰਜਾਬ ਦੀ ਨੌਜਵਾਨੀ ਗੈਗਸਟਰਾਂ, ਨਸ਼ਿਆਂ ਅਤੇ ਹੋਰ ਅਲਾਮਤਾਂ ਨਾਲੋਂ ਟੁੱਟ ਕੇ ਕਿਸਾਨਾਂ ਨਾਲ ਜੁੜ ਚੁੱਕੀ ਹੈ। ਜੇਕਰ ਇਹ ਘੋਲ ਲੰਮੇਰਾ ਖਿੱਚਦਾ ਹੈ ਤਾਂ ਇਨ੍ਹਾਂ ਨੌਜਵਾਨਾਂ ਨੂੰ ਕੌਮ ਦੇ ਉਸਰੀਏ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜੋ ਪੰਜਾਬ ਦੀ ਵੱਡੀ ਉਪਲਬਧੀ ਹੋਵੇਗੀ। 

ਕਿਸਾਨੀ ਘੋਲ ਹੋਂਦ ਦੀ ਲੜਾਈ ’ਚ ਤਬਦੀਲ ਹੋ ਚੁੱਕਾ ਹੈ। ਇੱਥੇ ਕਿਸਾਨੀ ਸਟੇਜਾਂ ਤੋਂ ਚੱਲ ਰਹੀਆਂ ਵਿਚਾਰ ਚਰਚਾਵਾਂ ਦੌਰਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਇਸ ਦੇ ਹੋਂਦ ਵਿਚ ਆਉਣ ਦੇ ਕਾਰਨਾਂ ਬਾਰੇ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ। ਖੇਤੀ ਕਾਨੂੰਨਾਂ ਦੀ ਹੋਂਦ ਬਾਰੇ ਡੂੰਘਾਈ ’ਚ ਜਾਣ ’ਤੇ ‘ਇਸ ਹਮਾਮ ’ਚ ਸੱਭ ਨੰਗੇ’ ਵਾਲੀ ਕਹਾਵਤ ਸੱਚਣ ਹੋਣ ਲੱਗਦੀ ਹੈ। ਕਿਸਾਨੀ ਸੰਘਰਸ਼ ਰਾਹੀਂ ਲੋਕਾਂ ’ਚ ਆ ਰਹੀ ਚੇਤਨਤਾ ਨੇ ਸਿਆਸੀ ਧਿਰਾਂ ਨੂੰ ਪ੍ਰੇਸ਼ਾਨੀ ’ਚ ਪਾ ਦਿਤਾ ਹੈ। ਲੋਕਾਂ ਨੂੰ ਵਾਅਦਿਆਂ ਦੇ ਸਬਜ਼ਬਾਗ ਵਿਖਾ ਕੇ ਸਿਆਸੀ ਬੁਲੰਦੀਆਂ ਛੂਹਣ ਵਾਲੇ ਸਿਆਸਤਦਾਨਾਂ ਨੂੰ ਹੁਣ ਅਪਣਾ ਭਵਿੱਖ ਹਨੇਰਾ ਨਜ਼ਰ ਆਉਣ ਲੱਗਾ ਹੈ। 

ਬੀਤੇ ਦਿਨਾਂ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਅੰਦਰਲਾ ਦਰਦ ਖੁਲ੍ਹ ਕੇ ਸਾਹਮਣੇ ਆ ਚੁੱਕਾ ਹੈ। ਇਸੇ ਤਰ੍ਹਾਂ ਕਾਂਗਰਸੀ ਦੇ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦਾ ਮਾਮਲਾ ਦੀ ਸਾਹਮਣੇ ਆਇਆ ਹੈ ਜਿਸ ’ਚ ਉਹ ਇਕ ਟੀਵੀ ਪੱਤਰਕਾਰਾਂ ਵਲੋਂ ਕਿਸਾਨਾਂ ਵਲੋਂ ਸਿਆਸਤਦਾਨਾਂ ਤੋਂ ਮੂੰਹ ਮੋੜ ਲੈਣ ਬਾਰੇ ਪੁਛੇ ਸਵਾਲ ਤੋਂ ਬਾਅਦ ਆਪੇ ਤੋਂ ਬਾਹਰ ਹੋ ਗਏ। ਪੱਤਰਕਾਰ ਮੁਤਾਬਕ ਉਨ੍ਹਾਂ ਨਾਲ ਕੁੱਟਮਾਰ ਤੋਂ ਇਲਾਵਾ ਸਬੂਤ ਮਿਟਾਉਣ ਲਈ ਕੈਮਰੇ ਦੀ ਭੰਨਤੋੜ ਵੀ ਕੀਤੀ ਗਈ ਹੈ। ਸਿਆਸਤਦਾਨਾਂ ਦੇ ਇਸ ਵਤੀਰੇ ਨੂੰ ਕਿਸਾਨੀ ਘੋਲ ਕਾਰਨ ਹੋਣ ਵਾਲੇ ਸਿਆਸੀ ਨੁਕਸਾਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਿਸਾਨ ਆਗੂਆਂ ਦੀ ਵਧੀ ਵੁਕਤ ਤੋਂ ਚਿੰਤਤ ਸਿਆਸੀ ਆਗੂਆਂ ਨੂੰ ਅਪਣੀ ਹੋਂਦ ਜਤਾਉਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਣੇ ਪੈ ਰਹੇ ਹਨ। 

ਭਾਜਪਾ ਆਗੂ ਪੰਜਾਬੀਆਂ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਅਤੇ ਜਿੱਤ ਹਾਸਲ ਕਰਨ ਦੇ ਦਾਅਵੇ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਖਿੱਚ ਦਿਤੀ ਹੈ। ਪੰਚਾਇਤੀ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦੇ ਸੈਮੀਫ਼ਾਈਨਲ ਵਜੋਂ ਵੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਵੀ ਪਾਰਟੀ ਦੇ ਜਥੇਬੰਦਕ ਢਾਚੇ ਦੀ ਮਜ਼ਬੂਤੀ ਲਈ ਸਰਗਰਮੀਆਂ ਵਧਾ ਦਿਤੀਆਂ ਹਨ। ਐਤਵਾਰ ਆਮ ਆਦਮੀ ਪਾਰਟੀ ਨੇ ਆਪਣੇ ਕੌਮੀ ਬੁਲਾਰੇ ਰਾਘਵ ਚੱਢਾ ਨੂੰ ਪੰਜਾਬ  ਲਈ ਸਹਿ ਇੰਚਾਰਜ ਨਿਯੁਕਤ ਕੀਤਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ‘ਆਪ’ ਨੇ ਪੰਜਾਬ ਵਿਚ ਆਪਣਾ ਸੰਗਠਨਾਤਮਕ ਅਧਾਰ ਵਧਾਉਂਦਿਆਂ ਸੂਬੇ, ਜ਼ਿਲ੍ਹਾ, ਬਲਾਕ ਤੇ ਸਰਕਲ ਪੱਧਰੀ ਅਹੁਦੇਦਾਰ ਨਿਯੁਕਤ ਕੀਤੇ ਸੀ।

ਇੰਨਾ ਹੀ ਨਹੀਂ, ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਜੀਵਾਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਨਾਟਕੀ ਢੰਗ ਨਾਲ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿਤੀਆਂ ਸਨ, ਜਿਸ ਨੂੰ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਮੰਨਿਆ ਜਾ ਰਿਹਾ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਮਾਰੇ ਜਾ ਰਹੇ ਹਾਅ ਦੇ ਨਾਅਰੇ  ਨੂੰ ਮਿਸ਼ਨ 2022 ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। 

ਦੂਜੇ ਪਾਸੇ ਕਿਸਾਨੀ ਘੋਲ ਕਾਰਨ ਪੈਦਾ ਹੋਈ ਚੇਤਨਤਾ ਨੂੰ ਵੇਖਦਿਆਂ ਪੰਜਾਬ ਅੰਦਰ ਕਿਸਾਨਾਂ ਵਿਚੋਂ ਹੀ ਕੋਈ ਮਜਬੂਤ ਸਿਆਸੀ ਮੰਚ ਖੜ੍ਹਾ ਹੋਣ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਕਈ ਸੀਨੀਅਰ ਕਿਸਾਨ ਆਗੂ ਵੀ ਅਪਣੀ ਮਨਸ਼ਾ ਮੀਡੀਆ ਸਾਹਮਣੇ ਜਾਹਰ ਕਰ ਚੁੱਕੇ ਹਨ ਕਿ ਸਿਆਸਤ ਵਿਚ ਕੁੱਦਣ ਤੋਂ ਬਿਨਾਂ ਕਿਸਾਨੀ ਦਾ ਭਲਾ ਸੰਭਵ ਨਹੀਂ ਹੈ।

ਭਾਵੇਂ ਕੁੱਝ ਕਿਸਾਨ ਜਥੇਬੰਦੀਆਂ ਸਿਆਸਤ ਤੋਂ ਦੂਰ ਰਹਿ ਕੇ ਬਾਹਰੋਂ ਦਬਾਅ ਬਣਾ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ’ਚ ਯਕੀਨ ਰੱਖਦੀਆਂ ਹਨ, ਪਰ ਸਿਆਸਤਦਾਨਾਂ ਦੀਆਂ ਕਲਾਬਾਜ਼ੀਆਂ ਤੋਂ ਦੁਖੀ ਹੋ ਚੁੱਕੇ ਲੋਕ ਹੁਣ ਕਿਸੇ ਸਵੱਛ ਅਤੇ ਲੋਕਾਈ ਦਾ ਦਰਦ ਰੱਖਣ ਵਾਲੀ ਸਿਆਸੀ ਧਿਰ ਦੀ ਚਾਹਤ ਵਿਚ ਹਨ ਜੋ ਉਨ੍ਹਾਂ ਨੂੰ ਕਿਸਾਨੀ ਘੋਲ ’ਚੋਂ ਪੂਰੀ ਹੁੰਦੀ ਦਿਸ ਰਹੀ ਹੈ। ਇਹੀ ਕਾਰਨ ਹੈ ਕਿ ਇਕ ਪਾਸੇ ਜਿੱਥੇ ਕਿਸਾਨੀ ਘੋਲ ਵਿਚੋਂ ਸਿਆਸਤਦਾਨਾਂ ਨਾਲ ਆਢਾ ਲਾਉਣ ਵਾਲੇ ਨੌਜਵਾਨਾਂ ਦੀ ਲਾਂਬੀ ਸਾਹਮਣੇ ਆ ਰਹੀ ਹੈ ਉਥੇ ਹੀ ਸਿਆਸਤਦਾਨਾਂ ਅੰਦਰ ਇਸ ਬਦਲ ਰਹੇ ਸਮੀਕਰਨਾਂ ਨੂੰ ਲੈ ਕੇ ਘਬਰਾਹਟ ਪਾਈ ਜਾ ਰਹੀ ਹੈ ਜੋ ਉਨ੍ਹਾਂ ਦੇ ਵਤੀਰੇ ਤੋਂ ਸਾਫ਼ ਝਲਕਣ ਲੱਗੀ ਹੈ।