ਪਤੀ ਨੂੰ ਮਾਪਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨ ਵਾਲੀ ਪਤਨੀ ਬੇਰਹਿਮ, ਪਤੀ ਤਲਾਕ ਦਾ ਹੱਕਦਾਰ: ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਕਿ ਪਤਨੀ ਨੇ ਪਤੀ ਨੂੰ ਮਾਪਿਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਸ ਦੀ ਸ਼ਿਕਾਇਤ ਕਾਰਨ ਪਤੀ ਨੂੰ ਜੇਲ੍ਹ ਵੀ ਜਾਣਾ ਪਿਆ
ਚੰਡੀਗੜ੍ਹ - ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਲੰਧਰ ਦੀ ਫੈਮਿਲੀ ਕੋਰਟ ਵੱਲੋਂ ਪਤੀ ਨੂੰ ਦਿੱਤੇ ਤਲਾਕ ਦੇ ਹੁਕਮ ਨੂੰ ਮਨਜ਼ੂਰੀ ਦਿੰਦਿਆਂ ਵਿਆਹੁਤਾ ਵਿਵਾਦ ਦੇ ਇੱਕ ਮਾਮਲੇ ਵਿਚ ਪਤਨੀ ਵੱਲੋਂ ਪਤੀ ਨੂੰ ਆਪਣੇ ਮਾਪਿਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਨੂੰ ਬੇਰਹਿਮੀ ਕਰਾਰ ਦਿੱਤਾ ਹੈ। ਪਟੀਸ਼ਨ ਦਾਇਰ ਕਰਦੇ ਹੋਏ ਪਤਨੀ ਨੇ ਕਿਹਾ ਕਿ ਉਸ ਦਾ ਵਿਆਹ 1990 'ਚ ਹੋਇਆ ਸੀ। ਉਸ ਦੇ ਪਤੀ ਨੇ ਜਲੰਧਰ ਦੀ ਫੈਮਿਲੀ ਕੋਰਟ ਵਿਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ।
ਉਸ ਪਟੀਸ਼ਨ ਵਿਚ ਪਤੀ ਨੇ ਦੱਸਿਆ ਸੀ ਕਿ ਉਹ ਇੱਕ ਡਾਕਟਰ ਹੈ ਅਤੇ ਕਲੀਨਿਕ ਚਲਾਉਂਦਾ ਹੈ। ਵਿਆਹ ਤੋਂ ਬਾਅਦ ਪਤਨੀ ਆਪਣੇ ਨਾਨਕੇ ਘਰ ਚਲੀ ਗਈ ਅਤੇ ਉੱਥੇ ਬੱਚੇ ਨੂੰ ਜਨਮ ਦਿੱਤਾ। ਪਤੀ ਆਪਣੀ ਪਤਨੀ ਅਤੇ ਬੱਚੇ ਨੂੰ ਲੈਣ ਜਲੰਧਰ ਗਿਆ ਪਰ ਪਤਨੀ ਅਤੇ ਉਸ ਦੇ ਮਾਤਾ-ਪਿਤਾ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
ਪਤਨੀ ਨੇ ਸਿੱਧਾ ਕਿਹਾ ਕਿ ਪਤੀ ਆਪਣਾ ਊਨਾ ਦਾ ਕਲੀਨਿਕ ਬੰਦ ਕਰਕੇ ਜਲੰਧਰ ਵਿਚ ਪ੍ਰੈਕਟਿਸ ਸ਼ੁਰੂ ਕਰ ਦੇਵੇ। ਪਤਨੀ ਨੇ ਕਿਹਾ ਕਿ ਉਹ ਸਾਂਝੇ ਪਰਿਵਾਰ ਵਿਚ ਨਹੀਂ ਰਹਿ ਸਕਦੀ। ਜਦੋਂ ਪਟੀਸ਼ਨਰ ਨੇ ਇਨਕਾਰ ਕਰ ਦਿੱਤਾ ਤਾਂ ਪਤਨੀ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾ ਦਿੱਤਾ। ਬਾਅਦ ਵਿੱਚ ਸਮਝੌਤਾ ਹੋ ਗਿਆ।
ਇਹ ਵੀ ਪੜ੍ਹੋ: ਦੱਖਣੀ ਫਿਲਮ ਇੰਡਸਟਰੀ ਨੂੰ ਸਦਮਾ, ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖੁਦਕੁਸ਼ੀ
ਇਸ ਤੋਂ ਬਾਅਦ ਵੀ ਕਈ ਵਾਰ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਫ਼ਾਇਦਾ ਨਹੀਂ ਹੋਇਆ। ਫਿਰ ਪਤੀ ਨੇ ਊਨਾ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪਤੀ ਨੇ ਬਿਨਾਂ ਤਲਾਕ ਦੇ ਅਨਿਲ ਕੁਮਾਰੀ ਨਾਂ ਦੀ ਔਰਤ ਨਾਲ ਵਿਆਹ ਕਰ ਲਿਆ ਹੈ। ਇਸ ਮਾਮਲੇ ਵਿਚ ਪਤੀ ਨੂੰ ਇੱਕ ਮਹੀਨਾ ਜੇਲ੍ਹ ਕੱਟਣੀ ਪਈ ਸੀ।
ਬਾਅਦ ਵਿਚ ਉਹ ਬੇਕਸੂਰ ਸਾਬਤ ਹੋ ਗਿਆ। ਜਲੰਧਰ ਦੀ ਫੈਮਿਲੀ ਕੋਰਟ ਨੇ ਇਸ ਮਾਮਲੇ 'ਚ ਪਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਤਲਾਕ ਦੇ ਹੁਕਮ ਦਿੱਤੇ ਸਨ। ਇਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਪਤਨੀ ਨੇ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਪਤਨੀ ਨੇ ਪਤੀ ਨੂੰ ਮਾਪਿਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਸ ਦੀ ਸ਼ਿਕਾਇਤ ਕਾਰਨ ਪਤੀ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਤਰ੍ਹਾਂ ਇਹ ਬੇਰਹਿਮੀ ਦੇ ਬਰਾਬਰ ਹੈ ਅਤੇ ਪਤੀ ਤਲਾਕ ਦਾ ਹੱਕਦਾਰ ਹੈ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਪਤਨੀ ਦੀ ਅਪੀਲ ਖਾਰਜ ਕਰ ਦਿੱਤੀ।