ਮਾਲ ਵਿਭਾਗ ’ਚ ਔਰਤਾਂ ਦੀ ਸਰਦਾਰੀ: ਪਟਵਾਰੀ ਦੀਆਂ 710 ਅਸਾਮੀਆਂ ਲਈ 50% ਤੋਂ ਵੱਧ ਲੜਕੀਆਂ ਨੇ ਕੀਤਾ ਅਪਲਾਈ
ਕਿਸੇ ਸਮੇਂ ਔਰਤਾਂ ਦੀ ਹਿੱਸੇਦਾਰੀ ਨਾ ਦੇ ਬਰਾਬਰ ਸੀ
ਚੰਡੀਗੜ੍ਹ: ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕੁੜੀਆਂ ਅਪਣੀ ਕਾਮਯਾਬੀ ਕਾਰਨ ਹੋਰਨਾਂ ਲਈ ਮਿਸਾਲ ਬਣ ਰਹੀਆਂ ਹਨ। ਮਾਲ ਮਹਿਕਮਾ ਇਕ ਅਜਿਹਾ ਖੇਤਰ ਹੈ ਜਿਸ ਵਿਚ ਕਿਸੇ ਸਮੇਂ ਔਰਤਾਂ ਦੀ ਹਿੱਸੇਦਾਰੀ ਨਾ ਦੇ ਬਰਾਬਰ ਸੀ ਪਰ ਹੁਣ ਸਮੇਂ ਦੇ ਨਾਲ-ਨਾਲ ਇਹ ਤਸਵੀਰ ਵੀ ਬਦਲ ਰਹੀ ਹੈ। ਪੰਜਾਬ ਸਰਕਾਰ ਵਲੋਂ ਕੱਢੀਆਂ ਗਈਆਂ ਪਟਵਾਰੀਆਂ ਦੀਆਂ 710 ਅਸਾਮੀਆਂ 'ਚ 50 ਫ਼ੀ ਸਦੀ ਤੋਂ ਵੱਧ ਅਰਜ਼ੀਆਂ ਔਰਤਾਂ ਵਲੋਂ ਦਿਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਅਸਾਮ 'ਚ ਹੜ੍ਹ ਦੀ ਸਥਿਤੀ ਗੰਭੀਰ, 4.88 ਲੱਖ ਲੋਕ ਪ੍ਰਭਾਵਿਤ
ਪਿਛਲੇ ਕਰੀਬ ਦਸ ਸਾਲਾਂ ਦੌਰਾਨ ਸਕੂਲਾਂ ਦੇ ਦਸਵੀਂ ਜਾਂ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਅੰਕੜੇ ਦੇਖੇ ਜਾਣ ਤਾਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਵੱਧ ਅੰਕ ਲੈ ਕੇ ਪਾਸ ਹੁੰਦੀਆਂ ਹਨ। ਮਾਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2016 ਤੋਂ ਬਾਅਦ ਤੀਜੀ ਵਾਰ ਪਟਵਾਰੀਆਂ ਦੇ ਅਹੁਦੇ 'ਤੇ ਭਰਤੀ ਹੋਈ ਹੈ ਤੇ ਹਰ ਵਾਰ ਔਰਤਾਂ ਦੀ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਵਧੀ ਹੈ। ਉਨ੍ਹਾਂ ਦਸਿਆ ਕਿ ਇਸ ਦਾ ਇਕ ਸਰਕਾਰ ਵਲੋਂ ਔਰਤਾਂ ਦੀਆਂ ਨਿਯੁਕਤੀਆਂ 'ਚ 33 ਫ਼ੀ ਸਦੀ ਰਾਖਵਾਂਕਰਨ ਦੇਣਾ ਹੈ।
ਇਹ ਵੀ ਪੜ੍ਹੋ: ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਹੋਈਆਂ ਦੋ ਭਾਰਤੀ ਕੰਪਨੀਆਂ
ਇਸ ਦੌਰਾਨ ਦੋ ਦਿਨ 710 ਆਸਾਮੀਆਂ ਦੀ ਭਰਤੀ ਲਈ ਹੋਏ ਲਿਖਤੀ ਟੈਸਟ ਦਾ ਨਤੀਜਾ ਸਾਹਮਣੇ ਆਇਆ ਹੈ, ਉਸ ਦੀ ਸੂਚੀ ਦੇਖ ਕੇ ਵੀ ਲੱਗਦਾ ਹੈ ਕਿ ਇਸ ਵਾਰ ਵੀ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਅੱਗੇ ਜ਼ਿਆਦਾ ਹਨ। ਇਸ ਤੋਂ ਪਹਿਲਾਂ ਟੈਕਸੇਸ਼ਨ ਵਿਭਾਗ 'ਚ ਔਰਤਾਂ ਨੇ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਅਰਜ਼ੀਆਂ ਦਿਤੀਆਂ ਸਨ। ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ 'ਚ ਔਰਤਾਂ ਦੀ ਗਿਣਤੀ ਵਧ ਰਹੀ ਹੈ। ਰਾਤ ਸਮੇਂ ਟੈਕਸੇਸ਼ਨ ਵਿਭਾਗ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ 'ਚ ਜ਼ਿਆਦਾਤਰ ਔਰਤਾਂ ਹੀ ਸਨ।