ਬਾਣੀ ਦੀ ਬੇ-ਅਦਬੀ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਵਿਧਾਇਕ ਪਾਰਟੀ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ........

Captain Amarinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਵਿਧਾਇਕ ਪਾਰਟੀ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਸਬੰਧ ਵਿਚ ਵਿਧਾਨ ਸਭਾ 'ਚ ਅਕਾਲੀਆਂ ਵਿਰੁਧ ਹਮਲਾਵਾਰ ਅਤੇ ਤਿੱਖਾ ਰੂਪ ਅਪਨਾਉਣ ਦਾ ਫੈਸਲਾ ਕੀਤਾ ਹੈ। ਇਹ ਰੀਪੋਰਟ ਭਲਕੇ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸਮਾਗਮ ਦੌਰਾਨ ਸਦਨ ਵਿੱਚ ਰੱਖੀ ਜਾਵੇਗੀ।ਕਾਂਗਰਸ ਵਿਧਾਇਕ ਪਾਰਟੀ ਨੇ ਅੱਜ ਸ਼ਾਮ ਇਕ ਮੀਟਿੰਗ ਕਰ ਕੇ ਸੈਸ਼ਨ ਵਿੱਚ ਆਪਣਾਈ ਜਾਣ ਵਾਲੀ ਰਣਨੀਤੀ ਤਿਆਰ ਕੀਤੀ। 

ਇਸ ਦੌਰਾਨ ਪਾਰਟੀ ਨੇ ਅਕਾਲੀਆਂ ਵਿਰੁੱਧ ਮੋਰਚਾ ਸੰਭਾਲਣ ਦਾ ਕਾਰਜ ਆਪਣੇ ਤੇਜ਼ ਤਰਾਰ ਨੌਜਵਾਨ ਵਿਧਾਇਕਾਂ ਨੂੰ ਸੌਂਪਿਆ ਕਿਉਂਕਿ ਅਕਾਲੀਆਂ ਦੀ ਸਰਕਾਰ ਹੀ ਬੇਅਦਬੀ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਕਰ ਕੇ ਗੰਭੀਰ ਦੋਸ਼ਾਂ ਦੇ ਕੇਂਦਰ ਵਿਚ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) 
ਦੇ ਸੀਨੀਅਰ ਆਗੂਆਂ ਅਤੇ ਤੇਜ਼ ਤਰਾਰ ਵਿਧਾਇਕਾਂ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਅਤੇ ਕੁਲਦੀਪ ਸਿੰਘ ਢਿਲੋਂ ਨੂੰ ਅਕਾਲੀਆਂ ਨੂੰ ਖੁੰਜੇ ਲਾਉਣ ਵਾਸਤੇ ਰਿਪੋਰਟ 'ਤੇ ਬਹਿਸ ਦੀ ਅਗਵਾਈ ਕਰਨ ਲਈ ਆਖਿਆ ਗਿਆ ਹੈ।

ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਬੇਅਦਬੀ ਦੇ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੁ ਸਦਭਾਵਨਾ ਨੂੰ ਢਾਹ ਲਾਉਣ ਦੀ ਕਿਸੇ ਨੂੰ ਵੀ ਆਗਿਆ ਨਹੀ ਦੇਣਗੇ। ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਸਮਾਗਮ ਇਸ ਕਰਕੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਸ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਜਾ ਰਹੀ ਹੈ।

ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਦਾ ਇਹ ਸਮਾਗਮ ਬਹੁਤ ਅਹਿਮ ਹੈ। ਇਹ ਬਹੁਤ ਸਾਰੀਆਂ ਦੇ ਸਿਆਸੀ ਅੰਤ ਦੀ ਇਬਾਰਤ ਲਿਖੇਗਾ ਅਕਾਲੀਆਂ ਵਲੋਂ ਇਹ ਰਿਪੋਰਟ ਮੀਡੀਆ ਵਿੱਚ ਆਉਣ ਦੀ ਗੱਲ ਆਖਣ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੋਵੇਂ ਹੀ ਸੱਤਾ 'ਤੇ ਕਾਬਜ਼ ਸਨ ਅਤੇ ਉਹ ਬੇਅਦਬੀ ਦੇ ਮਾਮਲਿਆਂ ਸਬੰਧੀ ਆਪਣੀ ਜ਼ਿਮੇਵਾਰੀ ਤੋਂ ਭੱਜ ਨਹੀ ਸਕਦੇ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਠੋਸ ਤੱਥਾਂ ਦੇ ਆਧਾਰ 'ਤੇ ਅਕਾਲੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਚਿੱਤ ਕਰੇਗੀ।

Related Stories