ਅਵਾਰਾ ਪਸ਼ੂਆਂ ਨੇ ਘੇਰੀਆਂ ਰਾਮਪੁਰਾ ਫ਼ੂਲ ਦੀਆਂ ਸੜਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਦੀਆਂ ਸੜਕਾਂ ਅਤੇ ਹਾਈਵੇ ਰੋਡ 'ਤੇ ਵੱਡੀ ਤਾਦਾਦ ਵਿਚ ਫਿਰਦੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ............

Stray Cattle

ਰਾਮਪੁਰਾ ਫੂਲ  : ਸਥਾਨਕ ਸ਼ਹਿਰ ਦੀਆਂ ਸੜਕਾਂ ਅਤੇ ਹਾਈਵੇ ਰੋਡ 'ਤੇ ਵੱਡੀ ਤਾਦਾਦ ਵਿਚ ਫਿਰਦੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਇੰਨਾਂ ਅਵਾਰਾ ਪਸ਼ੂਆਂ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਕਈਆਂ ਨੂੰ ਅਪਾਹਜ਼ ਬਣਾ ਦਿਤਾ ਹੈ। ਪਰ ਕਦੇ ਸਰਕਾਰ ਅਤੇ ਪ੍ਰਸ਼ਾਸ਼ਨ ਇੰਨਾਂ ਦੀ ਸਾਂਭ-ਸੰਭਾਲ ਲਈ ਗੰਭੀਰ ਨਹੀ ਹੋਇਆ ਜਦਕਿ ਲੋਕਾਂ ਦੀਆਂ ਜੇਬਾਂ ਚੋ ਕਾਓ ਸੈੱਸ ਦੇ ਨਾਂਅ ਤੇ ਰੁਪਏ ਵਸੂਲੇ ਜਾਂਦੇ ਹਨ। ਰਾਤ ਦੇ ਸਮੇਂ ਇਹ ਅਵਾਰਾ ਪਸ਼ੂ ਸ਼ਹਿਰ ਦੀਆਂ ਸੜਕਾਂ ਅਤੇ ਬਠਿੰਡਾ-ਬਰਨਾਲਾ ਰੋਡ ਤੇ ਝੁੰਡ ਬਣਾ ਕੇ ਬੈਠ ਜਾਂਦੇ ਹਨ।

ਹਨੇਰਾ ਹੋਣ ਕਾਰਨ ਸਾਹਮਣੇ ਤੋ ਆ ਰਹੇ ਵਾਹਨਾਂ ਦੀਆਂ ਲਾਈਟਾਂ ਤੇਜ ਚੱਲਦੀਆਂ ਹਨ ਜਿਸ ਕਾਰਨ ਸੜਕ 'ਤੇ ਬੈਠੇ ਪਸ਼ੂ ਕਈ ਵਾਰ ਵਾਹਨ ਚਾਲਕ ਨੂੰ ਦਿਖਾਈ ਨਹੀ ਦਿੰਦੇ ਅਤੇ ਉਨਾਂ ਨਾਲ ਅਕਸਰ ਹੀ ਟੱਕਰ ਹੋ ਜਾਂਦੀ ਹੈ। ਸ਼ਹਿਰ ਦੇ ਰੇਲਵੇ ਰੋਡ, ਬੱਸ ਸਟੈਂਡ, ਫੈਕਟਰੀ ਰੋੜ, ਮੇਨ ਚੌਂਕ, ਭਗਤ ਸਿੰਘ ਕਾਲੌਨੀ ਰੋਡ ਸ਼ਾਮ ਵੇਲੇ ਗਊਸ਼ਾਲਾ ਦਾ ਰੂਪ ਧਾਰਨ ਕਰ ਜਾਂਦੀ ਹੈ। ਇਹ ਅਵਾਰਾ ਪਸ਼ੂ ਗੰਦਗੀ ਵਿਚ ਮੂੰਹ ਮਾਰਦੇ ਰਹਿੰਦੇ ਹਨ। ਸ਼ਹਿਰ ਵਾਸੀਆਂ ਨੇ ਇੰਨਾਂ ਦੇ ਹੱਲ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ

ਪਰ ਪ੍ਰਸ਼ਾਸਨ ਇਸ ਮਾਮਲੇ ਵਿਚ ਲਾਹਪ੍ਰਵਾਹੀ ਵਰਤ ਰਿਹਾ ਹੈ ਜਾ ਪ੍ਰਸ਼ਾਸਨ ਹੋਰ ਹਾਦਸਿਆਂ ਦੀ ਉਡੀਕ ਕਰ ਰਿਹਾ ਹੈ। ਆਪ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਬਿੱਟੀ, ਲੋਕ ਜਨ ਸ਼ਕਤੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਕੌਰ, ਸਮਾਜ ਸੇਵੀ ਸੁਰੇਸ਼ ਗੁਪਤਾ ਸੁੰਦਰੀ ਅਤੇ ਮਾਲਵਾ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਬਿੱਲਾ ਨੇ ਮੰਗ ਕੀਤੀ ਹੈ

ਕਿ ਅਵਾਰਾ ਪਸ਼ੂਆਂ ਨਾਲ ਹੋ ਰਹੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਪੂਰੇ ਪੰਜਾਬ ਵਿਚ ਹੈ। ਸਰਕਾਰ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਇਹ ਮੁੱਦਾ ਵਿਧਾਨ ਸਭਾ ਦੇ ਸ਼ੈਸਨ ਦੌਰਾਨ ਉਠਾਇਆ ਜਾਵੇ ਤਾਂ ਜੋ ਸਰਕਾਰ ਇਸ ਮਸਲੇ ਪ੍ਰਤੀ ਗੰਭੀਰ ਹੋ ਕੇ ਇਸ ਦਾ ਹੱਲ ਕੱਢ ਸਕੇ।