ਅਮਿਟ ਯਾਦਾਂ ਛਡਦਾ ਜਾ ਰਿਹੈ ਸਾਲ 2018 ਕਰਤਾਰਪੁਰ ਲਾਂਘੇ ਦੇ ਮਸਲੇ 'ਚ ਨਵਜੋਤ ਸਿੰਘ ਸਿੱਧੂ ਛਾਏ ਰਹੇ
ਸੱਜਣ ਕੁਮਾਰ ਮੁੱਖ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ.........
ਅੰਮ੍ਰਿਤਸਰ : ਸਾਲ 2018 ਧਾਰਮਕ, ਰਾਜਨਜੀਤਕ ਅਤੇ ਸਮਾਜਕ ਯਾਦਾਂ ਛਡਦਾ ਹੋਇਆ ਇਤਿਹਾਸ ਦਾ ਪੰਨਾ ਬਣਨ ਜਾ ਰਿਹਾ ਹੈ। ਸੰਨ 2018 'ਚ ਭਾਰਤ ਦੇ ਲੋਕਾਂ ਅਤੇ ਪੰਜਾਬੀਆਂ ਨੇ ਕਈ ਉਤਾਰ-ਚੜ੍ਹਾ ਵੇਖੇ। ਇਸ ਸਾਲ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਂ ਨੇ ਪ੍ਰਧਾਨ ਮੰਤਰੀ ਆਫ਼ ਪਾਕਿਸਤਾਨ ਵਜੋਂ ਸੌਂਹ ਚੁੱਕੀ। ਇਸ ਸਮਾਗਮ 'ਚ ਕ੍ਰਿਕਟ ਤੋਂ ਰਾਜਨੀਤੀਵਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਦੋਸਤ ਇਮਰਾਨ ਖਾਂ ਨੇ ਸੱਦਾ ਭੇਜਿਆ। ਇਸ ਸੱਦੇ 'ਚ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਸਿੱਧੂ ਨਾਲ ਸੱਦਾ ਆਇਆ।
ਨਵਜੋਤ ਸਿੰਘ ਸਿੱਧੂ ਦੋਸਤ ਦੇ ਸੱਦੇ 'ਤੇ ਪਾਕਿਸਤਾਨ ਗਏ, ਜਿਥੇ ਪਾਕਿਸਤਾਨ ਸੈਨਾ ਦੇ ਮੱੁੱਖੀ ਬਾਜਵਾ ਨੇ ਸਿੱਧੂ ਨੂੰ ਜੱਫ਼ੀ ਪਾਈ ਅਤੇ ਕੰਨ 'ਚ ਕਿਹਾ ਕਿ ਕਰਤਾਰਪੁਰ ਦਾ ਮਸਲਾ ਹੱਲ ਹੋਵੇਗਾ ਤਾਂ ਜੋ ਸਿੱਖ ਸ਼ਰਧਾਲੂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ। ਪਰ ਪਾਕਿਸਤਾਨੀ ਜਰਨੈਲ ਵਲੋਂ ਸਿੱਧੂ ਨੂੰ ਪਾਈ ਜੱਫੀ ਨੇ ਭਾਰਤ ਵਿਚ ਬਹੁਤ ਵਿਵਾਦ ਛੇੜਿਆ। ਅਖੀਰ ਇਮਰਾਨ ਖਾਂ ਨੇ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਅਤੇ ਭਾਰਤ ਸਰਕਾਰ ਨੇ ਵੀ ਅਪਣੇ ਵਾਲੇ ਪਾਸੇ ਮੁਕੱਦਸ ਸਥਾਨ ਦੇ ਲਾਂਘੇ ਦੀ ਨੀਂਹ ਰੱਖੀ।
ਦੂਸਰੀ ਵਾਰ ਸਿੱਧੂ ਦੇ ਪਾਕਿਸਤਾਨ ਜਾਣ ਅਤੇ ਵਾਪਸੀ ਤੇ ਉਸ ਦੇ ਹਿੰਦ-ਪਾਕਿ 'ਚ ਛਾ ਜਾਣ ਤੇ ਉਸ ਦੇ ਵਿਰੋਧੀਆਂ ਨੇ ਸਿੱਧੂ ਵਿਰੁਧ ਸੰਗੀਨ ਦੋਸ਼ ਲਗਾਏ ਪਰ ਸਿੱਧੂ ਛਾ ਗਿਆ। ਇਸ ਤੋਂ ਇਲਾਵਾ ਸਿੱਧੂ ਦੁਆਰਾ ਲਿਆਂਦਾ ਗਿਆ ਕਾਲਾ ਤਿੱਤਰ ਚਰਚਾ ਦਾ ਵਿਸ਼ਾ ਬਣ ਗਿਆ। ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਜਪਾ ਨੂੰ ਹਰਾ ਕੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ 'ਚ ਸਰਕਾਰਾਂ ਬਣਾਈਆਂ ਜਿਥੇ ਨਵਜੋਤ ਸਿੰਘ ਸਿੱਧੂ ਮੁੱਖ ਸਟਾਰ ਪ੍ਰਚਾਰਕ ਵਜੋਂ ਪ੍ਰਚਾਰ ਕਰਦੇ ਰਹੇ। ਸਿੱਧੂ ਦਾ ਕੱਦ ਵੱਡਾ ਹੋਇਆ। ਬਾਦਲਾਂ ਲਈ ਸੰਨ 2018 ਬੜਾ ਅਸ਼ੁੱਭ ਹੋ ਨਿਬੜਿਆ।
ਬਰਗਾੜੀ ਮੋਰਚਾ ਗਰਮ ਖਿਆਲੀਆਂ ਵਲੋਂ ਲਾਉਣ ਨਾਲ ਕੈਟਪਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਸਿੱਟ ਦੀ ਰੀਪੋਰਟ ਜਸਟਿਸ ਰਣਜੀਤ ਸਿੰਘ ਨੇ ਜਨਤਕ ਕੀਤੀ ਜਿਸ ਵਿਚ ਸੌਦਾ ਸਾਧ ਤੇ ਉਸ ਦੇ ਹਿਮਾਇਤੀਆਂ ਸਮੇਤ ਸ਼ੱਕ ਦੀ ਸੂਈ ਸਿੱਧੀ ਬਾਦਲ ਪਰਵਾਰ 'ਤੇ ਕੇਂਦਰਿਤ ਹੋਈ, ਜੋ ਅਪਣੀ ਹਕੂਮਤ ਵੇਲੇ ਕੋਈ ਵੀ ਫ਼ੈਸਲਾ ਨਾ ਕਰ ਸਕੀ। ਇਸ ਸਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਜੋ ਬਾਦਲਾਂ ਦੇ ਆਖੇ ਲੱਗ ਕੇ ਸੌਧਾ ਸਾਧ ਨੂੰ ਬਰੀ ਕਰ ਗਏ ਸਨ। ਹੁਣ ਉਨ੍ਹਾਂ ਦੀ ਥਾਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਬਣੇ ਹਨ।
ਬਰਗਾੜੀ ਦਾ ਮੋਰਚਾ ਵੀ ਜੋ 6 ਮਹੀਨੇ ਚੱਲਿਆ ਜਿਸ ਵਿਚ ਧਿਆਨ ਸਿੰਘ ਮੰਡ ਨੇ ਦਾਅਵਾ ਕੀਤਾ ਗਿਆ ਕਿ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ ਅਤੇ ਉਥੇ ਦੋ ਵਜ਼ੀਰ ਵੀ ਹਾਜ਼ਰ ਹੋਏ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਪੰਥਕ ਸੰਗਠਨਾਂ ਤੇ ਸਾਥੀਆਂ ਨੂੰ ਵਿਸ਼ਵਾਸ਼ 'ਚ ਲਏ ਬਿਨਾਂ ਬਰਗਾੜੀ ਮੋਰਚਾ ਸਮਾਪਤ ਕਰ ਦਿਤਾ ਗਿਆ, ਜਿਸ ਦਾ ਸੇਕ ਸਿੱਖ ਸੰਗਤਾਂ ਨੂੰ ਝੱਲਣਾ ਪਿਆ, ਜਿਨ੍ਹਾਂ ਮੋਰਚੇ ਦੀ ਹਦਾਇਤ ਕੀਤੀ ਸੀ। ਇਸ ਮੋਰਚੇ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਵੱਖੋ-ਵੱਖ ਹੋ ਗਏ ਹਨ ਅਤੇ ਇਨ੍ਹਾਂ ਨੇ ਇਕ ਦੂਸਰੇ ਉਪਰ ਸੰਗੀਨ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਸਿੱਖ ਕੌਂਮ ਨੂੰ ਵੇਚ ਦਿਤਾ ਹੈ।
ਮੁਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਮੁੱਚੀ ਕਮਾਂਡ ਅਪਣੇ ਹੱਥ ਵਿਚ ਲੈ ਲਈ ਹੈ। ਇਸ ਵਰ੍ਹੇ ਹੀ ਬਾਦਲਾਂ ਤੋਂ ਅਸਤੀਫ਼ਾ ਦੇ ਆਏ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਹੈ। ਇਨ੍ਹਾਂ ਦਾ ਸਾਥ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਜੇ ਖਾਮੋਸ਼ ਹਨ। ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਵੱਖਰੀ ਪਾਰਟੀ ਬਣ ਗਈ ਹੈ ਤੇ ਖਹਿਰੇ ਦਾ ਸਾਥ ਬੈਂਸ ਭਰਾਵਾਂ ਅਤੇ ਕੁੱਝ ਪੰਥਕ ਸੰਗਠਨ ਨੇ ਦਿਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਵਿਰੋਧੀ ਧਿਰ ਬੜੀ ਬੁਰੀ ਤਰ੍ਹਾਂ ਵੰਡੀ ਹੋਈ ਹੈ ਜੋ ਅਗਲੇ ਸਾਲ ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਜਾ ਰਹੀ ਹੈ।
ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਨੇ 34 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਹੋਣ ਨਾਲ ਸਿੱਖ ਕੌਂਮ ਨੂੰ ਕੁਝ ਰਾਹਤ ਮਿਲੀ ਹੈ। ਐਚ ਐਸ ਫੂਲਕਾ ਐਡਵੋਕੇਟ ਜਿਨ੍ਹਾਂ ਇਸ ਕੇਸ ਦੀ ਪੈਰਵਾਈ ਕੀਤੀ, ਬਹੁਤ ਖ਼ੁਸ਼ ਹਨ। ਦਿੱਲੀ ਕਤਲੇਆਮ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਅਤੇ ਹੋਰ ਪੀੜਤ ਪਰਵਾਰ ਖ਼ੁਸ਼ ਹਨ ਕਿ ਸਿੱਖਾਂ ਨੂੰ ਕੋ-ਕੋ ਕੇ ਮਾਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜਾਣਾ ਪਵੇਗਾ। ਕੈਪਟਨ ਵੱਲੋਂ ਕੀਤੀ ਗਈ ਕਰਜ਼ਾ ਮਾਫ਼ੀ ਤੋਂ ਪੀੜਤ ਕਿਸਾਨ ਖ਼ੁਸ਼ ਹਨ ਪਰ ਜਿਨ੍ਹਾਂ ਦੀ ਮਾਫ਼ੀ ਨਹੀਂ ਹੋਈ ਉਹ ਬੇਹੱਦ ਨਿਰਾਸ਼ ਹਨ।
ਇਸ ਸਾਲ ਕੈਪਟਨ ਸਾਬ ਨੂੰ ਵੀ ਪੀਜੀਆਈ ਜਾਣਾ ਪਿਆ। ਉਨ੍ਹਾਂ ਦੀ ਸਿਹਤ ਢਿੱਲੀ ਚੱਲ ਰਹੀ ਹੈ। ਇਸ ਵਰ੍ਹੇ ਡੀ.ਜੀ.ਪੀ ਸੁਰੇਸ਼ ਅੋਰੜਾ, ਦਿਲਕਰ ਗੁਪਤਾ, ਚੱਟੋਪਾਦੀਆ ਅਤੇ ਹਰਪ੍ਰੀਤ ਸਿੱਧੂ ਆਦਿ ਉੱਚ ਅਫ਼ਸਰਾਂ ਦੇ ਸਿੰਗ ਫਸੇ ਰਹੇ ਜਿਸ ਦਾ ਅਸਰ ਮਾੜਾ ਗਿਆ। ਕਾਹਨ ਸਿੰਘ ਪੰਨੂ ਵੀ ਅੱਜ-ਕੱਲ ਛਾਏ ਹੋਏ ਹਨ ਜੋ ਲੋਕਾਂ ਨੂੰ ਸਾਫ-ਸੁਥਰੀਆਂ ਵਸਤਾਂ ਦੇਣ ਲਈ ਸੰਘਰਸ਼ ਕਰ ਰਹੇ ਹਨ ਕਿ ਮਿਲਾਵਟੀ ਚੀਜ਼ਾਂ ਨੇ ਜਨਤਾ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁਧ ਤਿੱਖੀ ਬਿਆਨਬਾਜ਼ੀ ਵੀ ਕੀਤੀ ਜੋ ਚਰਚਾ ਦਾ ਵਿਸ਼ਾ ਬਣੀ।
ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵਿਰੁਧ ਵੀ ਕੈਪਟਨ ਸਾਹਿਬ ਨੇ ਨਿਸ਼ਾਨੇ ਸਾਧੇ ਹਨ। ਸਮਝਿਆ ਜਾਂਦਾ ਹੈ ਕਿ ਪੰਨੂ ਗਰਮ ਖਿਆਲੀ ਸੰਗਠਨਾਂ ਦੇ ਕਰੀਬੀ ਹਨ। ਪੰਜਾਬ ਹੀ ਨਹੀਂ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਉੱਥਲ-ਪੱਥਲ ਹੋਈ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦਾ ਪਰਵਾਰ ਜੋ ਚੋਟਾਨ ਵਾਂਗ ਮੌਜੂਦ ਸੀ, ਉਹ ਵੀ ਖੇਰੂੰ-ਖੇਰੂੰ ਹੋ ਗਿਆ। ਜੰਮੂ ਕਸ਼ਮੀਰ ਦੀ ਪੀਡੀਪੀ ਮੁੱਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਹਕੂਮਤ ਨੂੰ ਲਾਹ ਕੇ ਉਸ ਦੇ ਥਾਂ ਗੁਵਰਨਰੀ ਰਾਜ ਲਾ ਦਿਤਾ ਹੈ। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਬਰ ਸਿੰਘ 84 ਵੱਖ-ਵੱਖ ਵਿਵਾਦਾਂ 'ਚ ਘਿਰੇ ਹਨ।
ਇਸ ਸਾਲ ਹੀ ਦੁਸ਼ਹਿਰੇ ਵਾਲੇ ਦਿਨ ਰੇਲਵੇ ਲਾਈਨ ਲਾਗੇ ਸਾੜੇ ਜਾ ਰਹੇ ਰਾਵਨ, ਕੁੰਭਕਰਣ, ਮੇਗਨਾਥ ਦੇ ਬੁੱਤਾਂ ਨੂੰ ਅੱਗ ਲਾਉਣ ਸਮੇਂ ਵੱਡਾ ਰੇਲ ਹਾਦਸਾ ਹੋ ਗਿਆ। ਪਟਰੀ ਤੇ ਦੁਸ਼ਹਿਰਾ ਵੇਖ ਰਹੇ ਲੋਕਾਂ ਨੂੰ ਡੀ.ਐਮ.ਯੂ ਟਰੇਨ ਦਰੜ ਗਈ ਜਿਸ ਦਾ ਕਾਫੀ ਰੌਲਾ ਪਿਆ। ਨਿਰੰਕਾਰੀਆਂ ਦੇ ਸਮਾਗਮ 'ਚ ਬੰਬ ਸੁੱਟਣ ਨਾਲ ਕੁੱਝ ਲੋਕ ਮਾਰੇ ਗਏ।
ਇਨ੍ਹਾਂ ਦੀ ਸਾਰ ਲੈਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਖੁਦ ਆਏ ਅਤੇ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਪੀੜਤਾਂ ਸੰਤੁਸ਼ਟ ਕੀਤਾ ਗਿਆ। ਬਲਾਕ ਸੰਮਤੀ ਬਾਅਦ ਹੁਣ ਕਾਂਗਰਸ ਪਾਰਟੀ ਸਰਪੰਚੀ ਦੀਆਂ ਚੋਣਾਂ ਕਰਵਾ ਰਹੀ ਹੈ ਜੋ 31 ਦਸੰਬਰ ਨੂੰ ਪੂਰੀਆਂ ਹੋਣਗੀਆਂ। ਇਸ ਸਾਲ ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਵੀ ਚਰਚਾ ਦਾ ਵਿਸ਼ਾ ਰਹੀ। ਸਮੂਹ ਸਿੱਖ ਸੰਗਠਨ ਮੰਗ ਕਰ ਰਹੇ ਹਨ ਕਿ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਚੋਣਾਂ ਵੀ ਕਰਵਾਈਆਂ ਜਾਣ। ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦੀ ਸ਼ਾਦੀ ਵੀ ਅੰਮ੍ਰਿਤਸਰ 'ਚ ਚਰਚਾ ਦਾ ਵਿਸ਼ਾ ਰਹੀ।