ਪੰਜਾਬ ਸਰਕਾਰ ਵਲੋਂ 13 ਬਹਾਦਰ ਫਾਇਰਮੈਨਾਂ ਨੂੰ ਸਲਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਅੱਗ ਲੱਗਣ ਦੀਆਂ 2 ਘਟਨਾਵਾਂ ਵਿਚ ਅਪਣੀ ਡਿਊਟੀ ਦੌਰਾਨ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਬਹਾਦਰ ਫਾਇਰਮੈਨਾਂ...

Punjab Salutes 13 Braveheart Firemen

ਚੰਡੀਗੜ੍ਹ : ਪੰਜਾਬ ਸਰਕਾਰ ਅੱਗ ਲੱਗਣ ਦੀਆਂ 2 ਘਟਨਾਵਾਂ ਵਿਚ ਅਪਣੀ ਡਿਊਟੀ ਦੌਰਾਨ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਬਹਾਦਰ ਫਾਇਰਮੈਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲੇਗੀ। ਦੱਸਣਯੋਗ ਹੈ ਕਿ ਇਹਨਾਂ ਵਿਚੋਂ ਇਕ ਹਾਦਸਾ 20 ਨਵੰਬਰ, 2017 ਨੂੰ ਸੂਫ਼ੀਆਂ ਚੌਂਕ, ਲੁਧਿਆਣਾ ਵਿਖੇ ਫੈਕਟਰੀ ਵਿਚ ਅਤੇ ਦੂਜਾ ਹਾਦਸਾ 11 ਮਈ, 2017 ਨੂੰ ਮੈਸਰਜ਼ ਮਲਕਾ ਟੈਕਸਟਾਇਲ ਵਿਖੇ ਵਾਪਰਿਆ। ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਇਹਨਾਂ ਫਾਇਰਮੈਨਾਂ ਦੇ ਪਰਵਾਰਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।

ਇਸ ਸਬੰਧੀ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ, ਪੰਜਾਬ, ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਭਵਨ ਵਿਖੇ ਉਕਤ ਘਟਨਾਵਾਂ ਵਿਚ ਬਚੇ ਫਾਇਰਮੈਨਾਂ ਅਤੇ ਮਹਾਨ ਕੁਰਬਾਨੀਆਂ ਦੇਣ ਵਾਲਿਆਂ ਦੇ ਪਰਵਾਰਾਂ ਨੂੰ ਸਨਮਾਨਿਤ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿਤੀ। ਵੇਰਵੇ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਅੱਜ ਮਹਾਨ ਕੁਰਬਾਨੀਆਂ ਦੇਣ ਵਾਲੇ 9 ਫਾਇਰਮੈਨ ਜਿਨ੍ਹਾਂ ਵਿਚ ਸਬ ਫਾਇਰ ਅਧਿਕਾਰੀ ਰਾਜਿੰਦਰ ਕੁਮਾਰ, ਸਬ ਫਾਇਰ ਅਧਿਕਾਰੀ ਸਾਮੌਣ ਗਿੱਲ, ਸਬ ਫਾਇਰ ਅਧਿਕਾਰੀ ਰਾਜ ਕੁਮਾਰ, ਲੀਡਿੰਗ ਫਾਇਰਮੈਨ ਮਨੋਹਰ ਲਾਲ,

ਫਾਇਰਮੈਨ ਪੂਰਨ ਸਿੰਘ, ਫਾਇਰਮੈਨ ਰਾਜਨ, ਫਾਇਰਮੈਨ (ਪੀ.ਈ.ਐਸ.ਸੀ.ਓ.) ਮਨਪ੍ਰੀਤ ਸਿੰਘ, ਫਾਇਰਮੈਨ (ਪੀ.ਈ.ਐਸ.ਸੀ.ਓ.) ਸੁਖਦੇਵ ਸਿੰਘ, ਫਾਇਰਮੈਨ ਵਿਸ਼ਾਲ ਕੁਮਾਰ ਸ਼ਾਮਿਲ ਹਨ, ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਘਟਨਾਵਾਂ ਵਿਚ ਬਚਣ ਵਾਲੇ ਅਤੇ ਜਖ਼ਮੀ ਹੋਣ ਵਾਲੇ 4 ਫਾਇਰਮੈਨਾਂ ਜਿਨ੍ਹਾਂ ਵਿਚ ਸਬ ਫਾਇਰ ਅਧਿਕਾਰੀ ਹਜੂਰਾਂ ਸਿੰਘ, ਫਾਇਰਮੈਨ ਨਰੇਸ਼ ਕੁਮਾਰ, ਫਾਇਰਮੈਨ ਲਵਲੇਸ਼ ਕੁਮਾਰ, ਫਾਇਰਮੈਨ (ਪੀ.ਈ.ਐਸ.ਸੀ.ਓ.) ਸੌਦਾਗਰ ਸਿੰਘ ਸ਼ਾਮਿਲ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ।

ਹੋਰ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਸ਼ਹੀਦ ਹੋਏ ਹਰੇਕ ਫਾਇਰਮੈਨ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ ਗਈ ਹੈ। ਸ. ਸਿੱਧੂ ਨੇ ਅੱਗੇ ਕਿਹਾ ਕਿ ਪ੍ਰੈਜੀਡੈਂਟ ਫਾਇਰ ਸਰਵਿਸ ਮੈਡਲ ਦੇ ਬਹਾਦਰੀ ਪੁਰਸਕਾਰ ਲਈ ਸਿਫਾਰਿਸ਼ ਕੀਤੇ ਸਾਰੇ 13 ਫਾਇਰਮੈਨਾਂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਸਾਰੀਆਂ 13 ਸਿਫਾਰਿਸ਼ਾਂ ਨੂੰ ਕੇਂਦਰ ਵਲੋਂ ਮਨਜ਼ੂਰੀ ਦੇ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 15 ਕਰਮਚਾਰੀਆਂ ਨੂੰ ਇਹ ਸਨਮਾਨ ਦਿਤਾ ਜਾਵੇਗਾ, ਉਨ੍ਹਾਂ ਵਿਚੋਂ 13 ਪੰਜਾਬ ਤੋਂ ਹਨ।

ਇਨ੍ਹਾਂ 13 ਫਾਇਰਮੈਨਾਂ ਦੇ ਪਰਿਵਾਰ ਨੂੰ ਦਿਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਬਾਰੇ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਇਹਨਾਂ ਦੇ ਪਰਿਵਾਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿਤੀ ਜਾਵੇਗੀ, ਜਿਸ 'ਤੇ ਆਮਦਨ ਕਰ ਤੋਂ ਛੋਟ ਹੋਵੇਗੀ ਅਤੇ ਨਾਲ ਹੀ ਏਅਰ ਇੰਡੀਆ ਰਾਹੀਂ ਯਾਤਰਾ ਦੌਰਾਨ 75 ਫੀਸਦੀ ਛੋਟ, ਹਰੇਕ ਪਰਿਵਾਰ ਦੇ 2 ਵਿਅਕਤੀਆਂ ਨੂੰ ਮੁਫ਼ਤ ਏ.ਸੀ. ਥ੍ਰੀ ਟਾਇਰ ਰੇਲਵੇ ਪਾਸ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ 5  ਫੀਸਦ ਕੋਟਾ ਦਿਤਾ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਹਾਇਡ੍ਰੋਲਿਕ ਮਸ਼ੀਨਰੀ ਅਤੇ ਹੋਰ ਅਤਿ ਆਧੁਨਿਕ ਉਪਕਰਨਾਂ ਦੀ ਸਹੂਲਤ 'ਤੇ ਜੋਰ ਦਿੰਦਿਆਂ 550 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਡਾਇਰੈਕਟੋਰੇਟ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰਤੀਆਂ ਰਾਹੀਂ ਡਾਇਰੈਕਟੋਰੇਟ ਵਿਖੇ 270 ਪੋਸਟਾਂ ਭਰੀਆਂ ਜਾਣਗੀਆਂ ਜਿਨ੍ਹਾਂ ਵਿਚ ਅੰਮ੍ਰਿਤਸਰ ਰੇਲ ਦੁਰਘਟਨਾ ਵਿਚ ਜ਼ਖ਼ਮੀ ਹੋਣ ਵਾਲੇ 38 ਵਿਅਕਤੀਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ, ਸਥਾਨਕ ਸਰਕਾਰਾਂ ਵਿਭਾਗ ਸ੍ਰੀ ਕਰਨੇਸ਼ ਸ਼ਰਮਾ ਵੀ ਹਾਜ਼ਰ ਸਨ।