ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚੀ ਪਹਿਲਵਾਨ ਸਾਕਸ਼ੀ ਮਲਿਕ, ਧੀਆਂ ਦੇ ਇਨਸਾਫ਼ ਲਈ ਮੰਗਿਆ ਸਹਿਯੋਗ
ਕਿਹਾ, ਧੀਆਂ-ਭੈਣਾਂ ਦੀ ਰਖਿਆ ਲਈ ਸਿੱਖ ਕੌਮ ਹਮੇਸ਼ਾ ਸੱਭ ਤੋਂ ਅੱਗੇ ਰਹੀ ਹੈ
ਮੁਹਾਲੀ: ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਦਿੱਲੀ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਧਰਨਾ ਜਾਰੀ ਹੈ। ਇਸ ਦੇ ਚਲਦਿਆਂ ਉਲੰਪਿਕ ਤਮਗ਼ਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਮੁਹਾਲੀ ਵਿਚ ਜਾਰੀ ਕੌਮੀ ਇਨਸਾਫ਼ ਮੋਰਚੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਮੋਰਚੇ ਤੋਂ ਧੀਆਂ ਦੇ ਇਨਸਾਫ਼ ਲਈ ਜਾਰੀ ਸੰਘਰਸ਼ ਵਿਚ ਸਹਿਯੋਗ ਮੰਗਿਆ। ਇਸ ਦੌਰਾਨ ਉਹ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੀ ਨਤਮਸਤਕ ਹੋਏ।
ਇਹ ਵੀ ਪੜ੍ਹੋ: ਕੀ ਹੈ ਨਵੇਂ ਸੰਸਦ ਭਵਨ ਵਿਚ ਸਥਾਪਤ ਹੋਣ ਵਾਲੇ 'ਸੇਂਗੋਲ' ਦਾ ਇਤਿਹਾਸ
ਮੋਰਚੇ ਨੂੰ ਸੰਬੋਧਨ ਕਰਦਿਆਂ ਸਾਕਸ਼ੀ ਮਲਿਕ ਨੇ ਭਾਵੁਕ ਹੋ ਕੇ ਕਿਹਾ, “ਸਾਨੂੰ ਜੰਤਰ-ਮੰਤਰ ’ਤੇ ਧਰਨਾ ਦਿੰਦਿਆਂ ਨੂੰ ਇਕ ਮਹੀਨੇ ਤੋਂ ਵਧ ਸਮਾਂ ਹੋ ਗਿਆ ਹੈ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਬ੍ਰਿਜ ਭੂਸ਼ਣ ਨੇ ਕਈ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ ਪਰ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ। ਇਸ ਲਈ ਸਾਡੀ ਅਪੀਲ ਹੈ ਕਿ ਸਾਨੂੰ ਸਹਿਯੋਗ ਦਿਤਾ ਜਾਵੇ”।
ਇਹ ਵੀ ਪੜ੍ਹੋ: ਬਾਘਾਪੁਰਾਣਾ 'ਚ ਵਾਪਰਿਆ ਵੱਡਾ ਹਾਦਸਾ, ਮੀਂਹ ਕਾਰਨ ਪਲਟੀ ਬੱਸ
ਉਲੰਪਿਕ ਤਮਗਾ ਜੇਤੂ ਪਹਿਲਵਾਨ ਨੇ ਅੱਗੇ ਕਿਹਾ, “ਧੀਆਂ-ਭੈਣਾਂ ਦੀ ਰਖਿਆ ਲਈ ਸਿੱਖ ਕੌਮ ਹਮੇਸ਼ਾ ਸੱਭ ਤੋਂ ਅੱਗੇ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਅਤੇ ਜਿੱਤ ਹਾਸਲ ਹੋਈ। ਇਹ ਲੜਾਈ ਜਿੱਤਣ ਲਈ ਪਹਿਲਵਾਨਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ”। ਸਾਕਸ਼ੀ ਮਲਿਕ ਨੇ ਦਸਿਆ 28 ਮਈ ਨੂੰ ਨਵੇਂ ਸੰਸਦ ਭਵਨ ਸਾਹਮਣੇ ਮਹਿਲਾ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹਾਪੰਚਾਇਤ ਵਿਚ ਜ਼ਿਆਦਾ ਤੋਂ ਜ਼ਿਆਦਾ ਧੀਆਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਸ ਮਗਰੋਂ ਕੌਮੀ ਇਨਸਾਫ਼ ਮੋਰਚੇ ਨੇ ਵੀ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਭਰੋਸਾ ਦਿਤਾ।
ਇਹ ਵੀ ਪੜ੍ਹੋ: ਜਗਰਾਉਂ-ਰਾਏਕੋਰਟ ਮਾਰਗ ‘ਤੇ ਪੈਂਦੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ ਤੇ 40 ਫੁੱਟ ਚੌੜਾ ਪੁੱਲ: ਹਰਭਜਨ ਸਿੰਘ ਈ.ਟੀ.ਓ.
ਇਸ ਤੋਂ ਪਹਿਲਾਂ ਬੀਤੇ ਦਿਨ ਸਾਕਸ਼ੀ ਮਲਿਕ ਅਪਣੇ ਪਤੀ ਪਹਿਲਵਾਨ ਸਤਿਆਵਰਤ ਕਾਦੀਆਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਦੇ ਇਨਸਾਫ਼ ਦੀ ਲੜਾਈ ਵਿਚ ਸਿੱਖ ਕੌਮ ਨੇ ਹਮੇਸ਼ਾ ਵਧ-ਚੜ੍ਹ ਕੇ ਅਪਣੀ ਭੂਮਿਕਾ ਨਿਭਾਈ ਹੈ। ਮੁਲਾਕਾਤ ਦੌਰਾਨ ਜਥੇਦਾਰ ਨੇ ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪਤੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਵੀ ਕੀਤਾ।