ਭਗਵੰਤ ਮਾਨ ਨੇ ਸੰਸਦ 'ਚ ਚੁੱਕਿਆ ਫ਼ਤਿਹਵੀਰ ਸਿੰਘ ਦੀ ਮੌਤ ਦਾ ਮਾਮਲਾ
ਮਾਨ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਮਾਰੂਥਲ ਬਣਨ ਦੀ ਰਾਹ 'ਤੇ ਹੈ
ਨਵੀਂ ਦਿੱਲੀ : ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੀਤੀ 6 ਜੂਨ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਫ਼ਤਿਹਵੀਰ ਦਾ ਮਾਮਲਾ ਅੱਜ ਸੰਸਦ 'ਚ ਗੂੰਜਿਆ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਐਨਡੀਆਰਐਫ਼ ਦੀ ਟੀਮ 120 ਫੁੱਟ ਡੂੰਘੇ ਬੋਰਵੈੱਲ 'ਚੋਂ ਬੱਚਾ ਨਾ ਕੱਢ ਸਕੀ ਅਤੇ ਜਦਕਿ ਚੰਨ 'ਤੇ ਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਐਨਡੀਆਰਐਫ਼ ਕੋਲ ਆਧੁਨਿਕ ਮਸ਼ੀਨਾਂ ਹੁੰਦੀਆਂ ਤਾਂ ਅੱਜ ਫ਼ਤਿਹਵੀਰ ਦੀ ਮੌਤ ਨਾ ਹੁੰਦੀ।
ਭਗਵੰਤ ਮਾਨ ਨੇ ਸੰਸਦ 'ਚ ਪੰਜਾਬੀ ਭਾਸ਼ਾ ਵਿਚ ਆਪਣੀ ਗੱਲ ਰੱਖੀ। ਉਨ੍ਹਾਂ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 10-10 ਲੱਖ ਦੇ ਸੂਟ ਪਾ ਕੇ ਕੋਈ ਫ਼ਕੀਰ ਨਹੀਂ ਕਹਾਉਂਦਾ। ਬੈਂਕਾਂ ਨੂੰ ਲੁੱਟਣ ਵਾਲਿਆਂ ਨਾਲ ਦੋਸਤੀ ਕਰਨ ਵਾਲਿਆਂ ਨੂੰ ਫ਼ਕੀਰ ਨਹੀਂ ਕਿਹਾ ਜਾਂਦਾ। ਫ਼ਰੀਕੀ ਦੀ ਮਿਸਾਲ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਦੀ ਹੈ, ਜਿਨ੍ਹਾਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣਾ ਪੂਰਾ ਪਰਵਾਰ ਵਾਰ ਦਿੱਤਾ।
ਮਾਨ ਨੇ ਕਿਹਾ ਕਿ ਪਿਛਲੇ 300 ਸਾਲਾ 'ਚ ਸਿਰਫ਼ ਦੋ ਲੀਡਰ ਪੈਦਾ ਹੋਏ ਹਨ। ਪਹਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੂਜੇ ਭਗਤ ਸਿੰਘ। ਜਿਨ੍ਹਾਂ ਨੇ ਕਦੇ ਚੋਣ ਨਹੀਂ ਲੜੀ ਪਰ ਕੌਮ-ਦੇਸ਼ ਦੀ ਅਗਵਾਈ ਜ਼ਰੂਰ ਕੀਤੀ। ਅਕਬਰ ਨੇ ਜਦੋਂ ਜਿੱਤਣਾ ਸ਼ੁਰੂ ਕੀਤਾ ਤਾਂ ਉਹ ਪਿੱਛੇ ਮੁੜਨਾ ਭੁੱਲ ਗਿਆ ਸੀ। ਜਦੋਂ ਅੰਤ 'ਚ ਪਿੱਛੇ ਵੇਖਿਆ ਤਾਂ ਉਹ ਸਾਰੇ ਇਕੱਠੇ ਹੋ ਗਏ ਸਨ।
ਮਾਨ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਮਾਰੂਥਲ ਬਣਨ ਦੀ ਰਾਹ 'ਤੇ ਹੈ। ਸੂਬੇ ਦਾ ਪਾਣੀ ਬੜੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨ ਪਹਿਲਾਂ ਫ਼ੌਜ 'ਚ ਜਾਣ ਲਈ ਮਸ਼ਹੂਰ ਸਨ, ਪਰ ਅੱਜ ਦੇ ਨੌਜਵਾਨ ਸਾਊਦੀ ਅਰਬ ਜਾ ਕੇ ਦਿਹਾੜੀਆਂ ਕਰ ਰਹੇ ਹਨ। ਅਰਮੀਨਿਆ ਜਿਹੇ ਗ਼ਰੀਬ ਦੇਸ਼ 'ਚ ਸਾਡੇ ਪੰਜਾਬੀ ਨੌਜਵਾਨ ਬੱਕਰੀਆਂ ਚਰਾ ਰਹੇ ਹਨ।
ਉਨ੍ਹਾਂ ਕਿਹਾ ਕਿ 1919 'ਚ ਜ਼ਲ੍ਹਿਆਂਵਾਲਾ ਬਾਗ਼ 'ਚ ਲੋਕ ਇਸ ਲਈ ਇਕੱਤਰ ਹੋਏ ਸਨ, ਕਿਉਂਕਿ ਉਨ੍ਹਾਂ ਨੇ ਗੋਰੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਅੱਜ ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਤੜਫ਼ਦੀਆਂ ਹੋਣਗੀਆਂ ਕਿ ਅੱਜ ਦੇ ਨੌਜਵਾਨ ਉਨ੍ਹਾਂ ਅੰਗਰੇਜ਼ਾਂ ਕੋਲ ਨੌਕਰੀਆਂ ਕਰਨ ਲਈ ਧੜਾਧੜ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਹੁਣ ਗੋਰੇ ਨਹੀਂ ਕਾਲੇ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਹਨ।