ਕਾਂਗਰਸੀ ਆਗੂ ਨੇ ਅਪਣੀ ਦਸਤਾਰ ਨਾਲ ਸਾਫ਼ ਕੀਤਾ ਰਾਜੀਵ ਗਾਂਧੀ ਦਾ ਬੁੱਤ
ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਸਥਿਤ ਪੁਲ ਦੇ ਨੇੜੇ ਲੱਗੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਅਕਾਲੀ ਵਰਕਰਾਂ ਵੱਲੋਂ...
ਲੁਧਿਆਣਾ (ਭਾਸ਼ਾ) : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਸਥਿਤ ਪੁਲ ਦੇ ਨੇੜੇ ਲੱਗੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਅਕਾਲੀ ਵਰਕਰਾਂ ਵੱਲੋਂ ਕਾਲਖ ਲਗਾਉਣ ਦੇ ਮਾਮਲੇ ਕਾਫ਼ੀ ਗਰਮਾਉਂਦਾ ਜਾ ਰਿਹਾ ਹੈ, ਜਿਵੇਂ ਹੀ ਇਸ ਘਟਨਾ ਦੀ ਖ਼ਬਰ ਕਾਂਗਰਸੀਆਂ ਨੂੰ ਲੱਗੀ ਤਾਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਮੌਕੇ 'ਤੇ ਪਹੁੰਚ ਕੇ ਅਪਣੀ ਦਸਤਾਰ ਨਾਲ ਹੀ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਕੀਤੀ ਅਤੇ ਉਸ ਨੂੰ ਦੁੱਧ ਨਾਲ ਧੋਤਾ। ਇਸ ਘਟਨਾ ਦੀ ਖ਼ਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵੀ ਪਹੁੰਚ ਗਈ ਹੈ।
ਕੈਪਟਨ ਅਮਰਿੰਦਰ ਨੇ ਅਕਾਲੀ ਵਰਕਰਾਂ ਵਲੋਂ ਕੀਤੀ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਅਜਿਹਾ ਅਪਮਾਨਜਨਕ ਕਾਰਜ ਕਰਨ ਵਾਲਿਆਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਇਹ ਹਰਕਤ ਉਨ੍ਹਾਂ ਦੀ ਬੌਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ 'ਚ ਖ਼ੁਦ ਅਕਾਲੀ ਦਲ ਦਾ ਮੂੰਹ ਕਾਲਾ ਹੋ ਚੁੱਕਿਆ ਹੈ।
ਬਿੱਟੂ ਨੇ ਇਹ ਵੀ ਆਖਿਆ ਕਿ ਵਰਕਰਾਂ ਦੀ ਇਸ ਹਰਕਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਵੀ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਕੀਤੀ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਕੇ 'ਤੇ ਇਕੱਠੇ ਹੋ ਗਏ ਹਨ, ਜਿਸ ਨੂੰ ਇਲਾਕੇ ਵਿਚ ਸਥਿਤੀ ਤਣਾਅ ਪੂਰਨ ਬਣ ਗਈ ਹੈ। ਫਿਲਹਾਲ ਪੁਲਿਸ ਘਟਨਾ ਸਥਾਨ 'ਤੇ ਪਹੁੰਚ ਗਈ ਹੈ ਤਾਂ ਜੋ ਸਥਿਤੀ 'ਤੇ ਕਾਬੂ ਪਾਇਆ ਜਾ ਸਕੇ।
ਭਾਵੇਂ ਕਿ ਕਾਂਗਰਸੀ ਇਸ ਘਟਨਾ ਨੂੰ ਲੈ ਕੇ ਅਕਾਲੀਆਂ 'ਤੇ ਨਿਸ਼ਾਨੇ ਸਾਧ ਰਹੇ ਹਨ ਪਰ ਕੁੱਝ ਲੋਕਾਂ ਵਲੋਂ ਦਸਤਾਰ ਨਾਲ ਬੁੱਤ ਦੀ ਸਫ਼ਾਈ ਕਰਨ 'ਤੇ ਕਾਂਗਰਸ ਨੂੰ ਵੀ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।