ਪੰਜਾਬ ਸਰਕਾਰ ਅਤੇ ਪੰਜਾਬੀਆਂ ਵਲੋਂ ਕੀਤੀ ਮਦਦ ਦੇ ਮੁਰੀਦ ਹੋਏ ਕੇਰਲਾ ਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜ੍ਹ ਦੀ ਮਾਰ ਹੇਠਾਂ ਆਏ ਕੇਰਲਾ ਸੂਬੇ ਦੀ ਪੰਜਾਬ ਸਰਕਾਰ ਅਤੇ ਪੰਜਾਬੀਆਂ ਵਲੋਂ ਕੀਤੀ ਗਈ ਮਦਦ ਦੇ ਕੇਰਲਾ ਵਾਸੀ ਗੁਣ ਗਾਉਂਦੇ ਨਹੀਂ ਥੱਕ ਰਹੇ ਹਨ.............

Kerala Resident

ਚੰਡੀਗੜ੍ਹ: ਹੜ੍ਹ ਦੀ ਮਾਰ ਹੇਠਾਂ ਆਏ ਕੇਰਲਾ ਸੂਬੇ ਦੀ ਪੰਜਾਬ ਸਰਕਾਰ ਅਤੇ ਪੰਜਾਬੀਆਂ ਵਲੋਂ ਕੀਤੀ ਗਈ ਮਦਦ ਦੇ ਕੇਰਲਾ ਵਾਸੀ ਗੁਣ ਗਾਉਂਦੇ ਨਹੀਂ ਥੱਕ ਰਹੇ ਹਨ। ਇਸ ਮੁਸ਼ਕਲ ਘੜੀ ਵਿਚ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10 ਕਰੋੜ ਰੁਪਏ ਦੀ ਆਰਥਿਕ ਅਤੇ ਖੁਰਾਕ ਸਮੱਗਰੀ ਨਾਲ ਸਹਾਇਤਾ ਕੀਤੀ ਗਈ ਹੈ, ਉਥੇ ਹੀ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੇ ਅਪਣੀ ਇਕ ਮਹੀਨੇ ਦੀ ਤਨਖ਼ਾਹ ਕੇਰਲਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਾਨ ਦੇਣ ਦਾ ਵੀ ਫ਼ੈਸਲਾ ਕੀਤਾ ਹੈ।

ਮੁੱਖ ਮੰਤਰੀ ਵਲੋਂ ਮਿਲੀਆਂ ਹਦਾਇਤਾਂ ਤੋਂ ਬਾਅਦ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ 18 ਅਗੱਸਤ ਨੂੰ ਇਕ ਤਿੰਨ ਮੈਂਬਰੀ ਟੀਮ ਰਾਹਤ ਸਮੱਗਰੀ ਸਮੇਤ ਕੇਰਲਾ ਭੇਜੀ ਜੋ ਕਿ ਤਿਰੂਵਨੰਤਪੁਰਮ ਵਿਖੇ ਤਾਇਨਾਤ ਹੈ ਅਤੇ ਰਾਹਤ ਕਾਰਵਾਈਆਂ ਨੂੰ ਵਧੀਆ ਤਰੀਕੇ ਨਾਲ ਅੰਜ਼ਾਮ ਦੇਣ ਲਈ ਕੇਰਲਾ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ। ਟੀਮ ਵਿਚੋਂ ਮੌਜੂਦਾ ਸਮੇਂ ਫਿਲੌਰ ਦੇ ਤਹਿਸੀਲਦਾਰ ਸ੍ਰੀ ਤਪਨ ਭਨੋਟ ਅਤੇ ਫਤਹਿਗੜ੍ਹ ਸਾਹਿਬ ਦੇ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਉੱਥੇ ਹੀ ਹਨ ਜਦਕਿ ਮਾਲ ਵਿਭਾਗ ਦੇ ਲੈਂਡ ਰਿਕਾਰਡਜ਼ ਦੇ ਡਾਇਰੈਕਟਰ ਸ੍ਰੀ ਬਸੰਤ ਗਰਗ ਬੀਤੇ ਦਿਨੀਂ ਹੀ ਵਾਪਸ ਆਏ ਹਨ। 

ਪੰਜਾਬ ਸਰਕਾਰ ਵੱਲੋਂ ਹੁਣ ਤੱਕ ਹਵਾਈ ਫੌਜ ਦੇ 10 ਜਹਾਜ਼ਾਂ ਰਾਹੀਂ 283 ਟਨ ਖੁਰਾਕ ਸਮੱਗਰੀ ਕੇਰਲਾ ਭੇਜੀ ਜਾ ਚੁੱਕੀ ਹੈ ਜਿਸ ਵਿਚ ਪਹਿਲਾਂ ਤੋਂ ਹੀ ਤਿਆਰ ਭੋਜਨ ਦੇ ਪੈਕਟ, ਬਿਸਕੁਟ, ਰਸ, ਚੀਨੀ, ਚਾਹ, ਸੁੱਕਾ ਦੁੱਧ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਸ਼ਾਮਲ ਹਨ। ਬੀਤੀ ਦੇਰ ਸ਼ਾਮ ਜਦੋਂ 10ਵਾਂ ਜਹਾਜ਼ ਤਿਰੂਵਨੰਤਪੁਰਮ ਹਵਾਈ ਅੱਡੇ ਉੱਤੇ ਉਤਰਿਆ ਤਾਂ ਸਮਾਨ ਲਾਹੁਣ ਵਾਲੇ ਵਾਲੰਟੀਅਰਾਂ ਦੀ ਇਕ ਟੀਮ ਸਥਾਨਕ ਕੋਆਰਡੀਨੇਟਰ ਸ੍ਰੀ ਰਾਮਾਕ੍ਰਿਸ਼ਨਨ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਨੂੰ ਮਿਲੀ ਅਤੇ ਉਨ੍ਹਾਂ ਨਾਅਰੇ ਲਾ ਕੇ ਪੰਜਾਬ ਅਤੇ ਪੰਜਾਬੀਆਂ ਦਾ ਧੰਨਵਾਦ ਕੀਤਾ। 

ਇਸ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ ਏਅਰ ਫ਼ੋਰਸ ਦੇ ਕਈ ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਸੱਭ ਤੋਂ ਜ਼ਿਆਦਾ ਰਾਹਤ ਸਮੱਗਰੀ ਪੰਜਾਬ ਤੋਂ ਹੀ ਆਈ ਹੈ ਅਤੇ 'ਮਨੁੱਖਤਾ ਦੀ ਸੇਵਾ ਦੇ ਸੰਕਲਪ' ਨੂੰ ਪੰਜਾਬੀ ਸ਼ਾਨਦਾਰ ਤਰੀਕੇ ਨਾਲ ਅਦਾ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜ਼ਰੂਰਤ ਦੇ ਅਨੁਸਾਰ ਕੇਰਲਾ ਲਈ ਹੋਰ ਰਾਹਤ ਸਮੱਗਰੀ ਵੀ ਇਕੱਤਰ ਕੀਤੀ ਜਾਵੇਗੀ। ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਹਤ ਕਾਰਜਾਂ ਵਿਚ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।