ਹੜ੍ਹ ਪ੍ਰਭਾਵਿਤ ਪਿੰਡਾਂ ਨੂੰ 'ਖਾਲਸਾ ਏਡ' ਵਲੋਂ ਟਰੈਕਟਰਾਂ ਦੀ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਰਨ ਦੇ ਸਾਰੇ ਸੰਦ ਵੀ ਕਰਵਾਏ ਗਏ ਮੁਹਈਆ

'Khalsa Aid' tractors service to flood affected villages

ਪੰਜਾਬ- ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਹਰ ਕਿਸਮ ਦੀ ਮਦਦ ਮੁਹੱਈਆ ਕਰਵਾਉਣ ਵਿਚ ਖਾਲਸਾ ਏਡ ਦਿਨ ਰਾਤ ਸਰਗਰਮ ਹੈ। ਇਸ ਸੰਸਥਾ ਵਲੋਂ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਲੰਗਰ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨਾ ਹੋਰ ਤਾਂ ਹੋਰ ਪਸ਼ੂ ਵੀ ਦਿੱਤੇ ਗਏ ਹੁਣ ਇੱਕ ਹੋਰ ਨਿਵੇਕਲਾ ਉਪਰਾਲਾ ਜੋ ਖਾਲਸਾ ਏਡ ਵਲੋਂ ਕੀਤਾ ਗਿਆ ਹੈ ਜਿਥੇ ਪਿੰਡ ਦੀਆਂ ਸਹਿਕਾਰੀ ਸਭਾਵਾਂ ਨੂੰ ਟਰੈਕਟਰ ਖੇਤੀ ਦੇ ਸਾਰੇ ਸੰਦ ਸੇਵਾ ਵਜੋਂ ਦਿੱਤੇ ਗਏ ਹਨ। ਜਿਸ ਨੂੰ ਕਿ ਪਿੰਡ ਦੇ ਲੋਕਾਂ ਵਲੋਂ ਵਰਤਿਆ ਜਾਵੇਗਾ।

ਦੱਸ ਦਈਏ ਕਿ ਟਰੈਕਟਰ ਦੇਣ ਦੇ ਨਾਲ ਨਾਲ ਖਾਲਸਾ ਏਡ ਵਲੋਂ 1 ਸਾਲ ਦਾ ਡੀਜ਼ਲ ਅਤੇ ਡਰਾਈਵਰ ਦੀ ਸੇਵਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਟਰੈਕਟਰ ਅਤੇ ਸੰਦ ਪਿੰਡ ਕਾਕੜ ਕਲਾਂ, ਕੰਗ ਖੁਰਦ, ਨੱਲ ਅਤੇ ਮਾਣਕ ਦੀਆਂ ਸਹਿਕਾਰੀ ਸਭਾਵਾਂ ਨੂੰ ਸੌੰਪੇ ਗਏ ਹਨ। ਇਸਦੀ ਜਾਣਕਾਰੀ ਖਾਲਸਾ ਏਡ ਦੇ ਏਸ਼ੀਆ ਵਿੰਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਦਿੱਤੀ। ਇਸ ਮੌਕੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਵੀ ਖਾਲਸਾ ਏਡ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਅਤੇ ਪਿੰਡ ਵਾਲਿਆਂ ਨਾਲ ਮਿਲਕੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਖਾਲਸਾ ਏਡ ਏਸ਼ੀਆ ਵਿੰਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਸਹਿਯੋਗ ਨਾਲ ਇਨ੍ਹਾਂ ਸੰਦਾਂ ਦੀ ਵਰਤੋਂ ਕਰਨ ਜਿਥੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਾਲਸਾ ਏਡ ਵਲੋਂ ਇੱਕ ਸਾਲ ਦਾ ਡੀਜ਼ਲ ਅਤੇ ਡਰਾਈਵਰ ਵੀ ਮੁਹੱਈਆ ਕਰਵਾਇਆ ਜਾਵੇਗਾ। ਦੱਸ ਦਈਏ ਕਿ ਖਾਲਸਾ ਏਡ ਦਾ ਇਹ ਉਪਰਾਲਾ ਅਸਲ ਵਿਚ ਕਿਸਾਨਾਂ ਲਈ ਲਾਭਦਾਇਕ ਸਿੱਧ ਹੋਵੇਗਾ। ਦੁਨੀਆ ਭਰ ਸਿੱਖ ਸੰਸਥਾ ਖਾਲਸਾ ਏਡ ਦਾ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਲੈ ਕੇ ਨਾਮ ਗੂੰਜਦਾ ਹੈ ਅਤੇ ਗੂੰਜੇ ਵੀ ਕਿਉਂ ਨਾ, ਸਿੱਖ ਕੌਮ ਨੇ ਹਮੇਸ਼ਾ ਦੀਨ ਦੁਖੀਆਂ ਦਾ ਸਹਾਰਾ ਬਣ ਉਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਕੀਤਾ ਹੈ।