ਸੁਰਖ਼ੀਆਂ ਬਟੋਰਨ ਲਈ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਹੋਛੀ ਰਾਜਨੀਤੀ ਕੀਤੀ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਮਾਗਮ ਦੌਰਾਨ ਕਾਂਗਰਸੀ ਅਤੇ ਅਕਾਲੀ ਆਗੂਆਂ ਵਲੋਂ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਰਸਤੇ ਤੋਂ ਭਟਕਦਿਆਂ...

Leaders of both parties stooped to lowest level of politics for cheap publicity

ਚੰਡੀਗੜ੍ਹ (ਸਸਸ) : ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਮਾਗਮ ਦੌਰਾਨ ਕਾਂਗਰਸੀ ਅਤੇ ਅਕਾਲੀ ਆਗੂਆਂ ਵਲੋਂ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਰਸਤੇ ਤੋਂ ਭਟਕਦਿਆਂ ਹੋਛੀ ਰਾਜਨੀਤੀ ਕਰਨ ਉਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਨੂੰ ਮੰਦਭਾਗਾ ਕਰਾਰ ਦਿਤਾ ਹੈ। 'ਆਪ' ਵਲੋਂ ਜਾਰੀ ਪ੍ਰੈੱਸ ਨੋਟ ਵਿਚ ਮਾਨ ਨੇ ਕਿਹਾ ਕਿ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ, ਸੁਨੀਲ ਜਾਖੜ, ਅਕਾਲੀ ਆਗੂ ਹਰਸਿਮਰਤ ਬਾਦਲ ਅਤੇ ਬਿਕਰਮ ਮਜੀਠੀਆ ਦਾ ਵਿਵਹਾਰ ਅਤਿ ਨਿੰਦਣਯੋਗ ਹੈ।

ਉਨਾਂ ਕਿਹਾ ਕਿ ਸਮੁੱਚੇ ਵਿਸ਼ਵ ਦੇ ਗੁਰੂ ਨਾਨਕ ਸਾਹਿਬ ਦੇ ਸਮਾਗਮ ਦੌਰਾਨ ਰਾਜਨੀਤੀ ਕਰਨਾ ਅਕਾਲੀਆਂ ਅਤੇ ਕਾਂਗਰਸੀਆਂ ਦੀ ਘਟੀਆ ਸੋਚ ਦਾ ਪ੍ਰਗਟਾਵਾ ਹੈ। ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੁਆਰਾ ਧਾਰਮਿਕ ਸਮਾਗਮ ਦੌਰਾਨ ਸਟੇਜ ਤੋਂ ਘਟੀਆ ਰਾਜਨੀਤਿਕ ਭਾਸ਼ਣ ਦੇਣਾ ਅਤੇ ਕਾਂਗਰਸੀਆਂ ਦੁਆਰਾ ਉਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਬੇਹੱਦ ਅਫ਼ਸੋਸ ਜਨਕ ਹੈ। ਸੁਨੀਲ ਜਾਖੜ ਦੁਆਰਾ ਸਟੇਜ ਤੋਂ ਵੱਡੇ-ਵੱਡੇ ਰਾਜਨੀਤਿਕ ਦਾਅਵੇ ਕਰਨ ਉਤੇ ਬੋਲਦਿਆਂ ਮਾਨ ਨੇ ਕਿਹਾ

ਕਿ ਜੇਕਰ ਉਹ ਸੱਚਮੁੱਚ ਹੀ ਨਸ਼ਾ ਤਸਕਰਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਕਾਲੀਆਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਬਚਾਅ ਕਰਨ ਤੋਂ ਵਰਜਣ ਬਿਕਰਮ ਮਜੀਠੀਆ ਦੁਆਰਾ ਸਮਾਗਮ ਦੌਰਾਨ ਨਾਅਰੇਬਾਜ਼ੀ ਕਰਨ ਉੱਤੇ ਬੋਲਦਿਆਂ ਮਾਨ ਨੇ ਕਿਹਾ ਕਿ ਉਨਾਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਮਾਨਸਿਕ ਦੀਵਾਲੀਏਪਣ ਦਾ ਇਜ਼ਹਾਰ ਕੀਤਾ ਹੈ। 

ਮਾਨ ਨੇ ਕਿਹਾ ਕਿ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਰਾਜਨੀਤੀ ਕਰਨ ਦੀ ਥਾਂ ਇਸ ਦੇ ਕਾਰਜ ਨੂੰ ਛੇਤੀ ਪੂਰਾ ਕਰਨ ਤਾਂ ਜੋ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

Related Stories