ਬਾਦਲਾਂ ਦਾ ਪਿੱਛਾ ਨਹੀਂ ਛੱਡ ਰਹੇ ‘ਹਵਾਈ ਗੇੜੇ’, ਕੈਗ ਨੇ ਦਿੱਤਾ ਇੱਕ ਹੋਰ ਝਟਕਾ
ਸਿਆਸਤਦਾਨ ਅਕਸਰ ਸੱਤਾ ’ਚ ਆਉਣ ਤੋਂ ਬਾਅਦ ਮਨਮਰਜ਼ੀ ਨਾਲ ਸਰਕਾਰੀ ਅਸਾਸਿਆਂ ਦਾ ਭਰਪੂਰ ਲਾਹਾ ਚੁੱਕਦੇ ਹਨ। ਸੱਤਾ ਦੇ ਨਸ਼ੇ ’ਚ ਸ਼ਾਇਦ ਉਹ...
ਚੰਡੀਗੜ੍ਹ (ਭਾਸ਼ਾ) : ਸਿਆਸਤਦਾਨ ਅਕਸਰ ਸੱਤਾ ’ਚ ਆਉਣ ਤੋਂ ਬਾਅਦ ਮਨਮਰਜ਼ੀ ਨਾਲ ਸਰਕਾਰੀ ਅਸਾਸਿਆਂ ਦਾ ਭਰਪੂਰ ਲਾਹਾ ਚੁੱਕਦੇ ਹਨ। ਸੱਤਾ ਦੇ ਨਸ਼ੇ ’ਚ ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਸੱਤਾ ਖੁੱਸਣ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਵੀ ਹੋ ਸਕਦੀ। 10 ਸਾਲ ਸਿਆਸਤ ਦਾ ਸੁੱਖ ਭੋਗਣ ਵਾਲੇ ਅਕਾਲੀ ਦਲ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਆਪਣੇ ਰਾਜਭਾਗ ਦੌਰਾਨ ਬਾਦਲ ਪਰਿਵਾਰ ਵੱਲੋਂ ਲਗਾਏ ਗਏ ਹਵਾਈ ਗੇੜਿਆਂ ਦਾ ਹਿਸਾਬ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਇਸ ਮਾਮਲੇ ’ਚ ਹੁਣ ਕੈਗ ਯਾਣੀ ਕੰਪਟ੍ਰੋਲਰ ਐਂਡ ਔਡੀਟਰ ਜਨਰਲ ਆਫ ਇੰਡੀਆ, ਜੋ ਕਿ ਮਹਾਲੇਖਾਕਾਰ ਹੈ।
ਅਤੇ ਦੇਸ਼ ਅਤੇ ਸੂਬਿਆਂ ਦੇ ਖਰਚ ਦਾ ਲੇਖਾ ਰੱਖਣ ਦਾ ਕੰਮ ਕਰਦਾ ਹੈ ਉਹਨਾਂ ਨੂੰ ਬਾਦਲ ਪਰਿਵਾਰ ਦੇ ਗੇੜਿਆ ਦਾ ਹਿਸਾਬ ਹਜ਼ਮ ਨਹੀਂ ਹੋ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਫ਼ਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ ’ਚ ਲਗਾਏ ਗਏ ਸੀ ਪਰ ਵਿਭਾਗ ਦੇ ਵਾਰ-ਵਾਰ ਬੇਨਤੀ ਕਰਨ ’ਤੇ ਵੀ ਕੈਗ ਨੇ ਆਪਣੇ ਲੇਖੇ-ਜੋਖੇ ’ਚ ਇਹਨਾਂ ਹਵਾਈ ਖਰਚਿਆਂ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਵੀ ਕੈਗ ਨੇ ਸਾਫ ਕੀਤਾ ਸੀ ਕਿ ਵਿਭਾਗ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖਸ਼ ਨਹੀਂ ਹੈ।
ਜੇ ਬਾਦਲ ਪਰਿਵਾਰ ਦੇ ਹਵਾਈ ਗੇੜਿਆਂ ’ਤੇ ਆਏ ਖਰਚ ਦੀ ਗੱਲ ਕਰੀਏ ਤਾਂ ਕਰੀਬ 157 ਕਰੋੜ ਰੁਪਏ ਖਰਚ ਕੀਤੇ ਗਏ ਹਨ। ਆਰ.ਟੀ.ਆਈ. ਕਾਰਕੁੰਨ ਦਿਨੇਸ਼ ਚੱਢਾ ਨੇ ਸ਼ਿਕਾਇਤ ਵੀ ਕੀਤੀ ਸੀ ਕਿ ਹੈਲੀਕਪਟਰ ’ਤੇ ਲਗਾਏ ਹਵਾਈ ਗੇੜਿਆਂ ਦੇ ਬਿੱਲਾਂ ਅਤੇ ਲਾਗ ਬੁੱਕ ’ਚ ਉਡਾਣਾਂ ਦੇ ਮੰਤਵ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਕੈਗ ਨੇ ਧਿਆਨ ਦਿੱਤਾ ਅਤੇ 2013 ਤੋਂ 2016 ਤਕ ਦੇ ਆਂਕੜੇ ਖੰਗਾਲਣ ਤੋਂ ਪਾਇਆ ਕਿ ਇਸ ਦੌਰਾਨ ਕਰੀਬ 26 ਕਰੋੜ ਰੁਪਏ ਹਵਾਈ ਸਫ਼ਰ ‘ਤੇ ਖਰਚੇ ਗਏ। ਮੀਡੀਆ ਰਿਪੋਰਟਾਂ ’ਚ ਅਕਸਰ ਜ਼ਿਕਰ ਰਿਹਾ ਹੈ ।
ਕਿ ਬਾਦਲਾਂ ਦੇ 68 ਹਵਾਈ ਗੇੜੇ ਮੁਕਤਸਰ ਆਪਣੇ ਪਿੰਡ, 43 ਗੇੜੇ ਹਰਿਆਣਾ ਦੇ ਬਾਲਾਸਰ ’ਚ ਸਥਿਤ ਆਪਣੇ ਫਾਰਮਹਾਊਸ ਵੱਲ ਅਤੇ ਇਸ ਤੋਂ ਇਲਾਵਾ ਬਾਬਿਆਂ ਵੱਲ ਵੀ ਸਫ਼ਰ ਕੀਤਾ ਗਿਆ ਹੈ। ਭਾਜਪਾ ਆਗੂਆਂ ਨੂੰ ਵੀ ਹੈਲੀਕਪਟਰ ਦੇ ਝੂਟੇ ਦਿੱਤੇ ਗਏ ਹਨ। ਆਰ.ਟੀ.ਆਈ. ਕਾਰਕੁੰਨ ਦਿਨੇਸ਼ ਚੱਢਾ ਨੇ ਵੀ ਕਿਹਾ ਹੈ ਕਿ ਇਹ ਵਿਭਾਗ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਚੱਲ ਰਿਹੈ ਜੋ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਵੱਧ ਚੜ੍ਹ ਕੇ ਬਾਦਲਾਂ ਵੱਲੋਂ ਹੈਲੀਕਪਟਰ ਦੀ ਕੀਤੀ ਜਾਂਦੀ ਦੁਰਵਰਤੋਂ ’ਤੇ ਜਮ ਕੇ ਬੋਲਦੇ ਸੀ। ਪਰ ਹਾਲ ਦੀ ਘੜੀ ਸ਼ਹਿਰੀ ਹਵਾਬਾਜ਼ੀ ਵਿਭਾਗ ‘ਕੈਗ’ ਅੱਗੇ ਸਫਾਈਆਂ ਪੇਸ਼ ਕਰ ਰਿਹਾ ਹੈ
ਜਿਸ ਤੋਂ ਰਿਵਾਇਤੀ ਪਾਰਟੀਆਂ ਦੇ ਅੰਦਰੂਨੀ ਰਿਸ਼ਤਿਆਂ ਦੀ ਸਾਂਝ ਉਜਾਗਰ ਹੁੰਦੀ ਹੈ ਕਿ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮਹਾਂਲੇਖਾਕਾਰ ਫਾਲਤੂ ਲੇਖਿਆਂ ਦਾ ਹਿਸਾਬ ਲਏ ਬਿਨਾਂ ਹਟਣ ਵਾਲਾ ਨਹੀਂ ਜਾਪਦਾ।